ਸਿਹਤ ਮੰਤਰੀ ਸਿੱਧੂ ਨੇ ਪਿੰਡ ਗਿੱਦੜਪੁਰ ਵਿਚ ਵਿਕਾਸ ਕਾਰਜਾਂ ਲਈ ਦਿਤੀ 65 ਲੱਖ ਰੁਪਏ ਦੀ ਗ੍ਰਾਂਟ
ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦਾ ਚੌਤਰਫ਼ਾ ਵਿਕਾਸ ਸਾਡੀ ਸਿਖਰਲੀ ਤਰਜੀਹ : ਬਲਬੀਰ ਸਿੰਘ ਸਿੱਧੂ
ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਅਤੇ ਮੱਛਲੀ ਕਲਾਂ ਦਾ ਕੀਤਾ ਸਨਮਾਨ

ਮੋਹਾਲੀ, 19 ਦਸੰਬਰ (ਸਤੀਸ਼ ਕੁਮਾਰ ਪੱਪੀ)-ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ
ਸਿੱਧੂ ਨੇ ਹਲਕਾ ਮੋਹਾਲੀ ਦੇ ਪਿੰਡ ਗਿੱਦੜਪੁਰ ਵਿਚ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਭਗ
65 ਲੱਖ ਰੁਪਏ ਦੀ ਗ੍ਰਾਂਟ ਪਿੰਡ ਦੀ ਪੰਚਾਇਤ ਨੂੰ ਸੌਂਪੀ। ਪਿੰਡ ਵਿਚ ਸਾਦੇ ਪਰ
ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਸਿੱਧੂ ਨੇ ਇਕੱਤਰਤਾ ਨੂੰ ਸੰਬੋਧਨ
ਕਰਦਿਆਂ ਦਸਿਆ ਕਿ ਇਹ ਵੱਡੀ ਰਕਮ ਪਿੰਡ ਵਿਚ ਗਲੀਆਂ-ਨਾਲੀਆਂ, ਸਕੂਲ, ਸ਼ਮਸ਼ਾਨ ਘਾਟ,
ਫਿਰਨੀ, ਪੂਸ਼ ਡਿਸਪੈਂਸਰੀ ਆਦਿ ਦੇ ਨਵੀਨੀਕਰਨ, ਉਸਾਰੀ ਅਤੇ ਹੋਰ ਸਬੰਧਤ ਕਾਰਜਾਂ ’ਤੇ
ਖ਼ਰਚੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰਕਮ ਦੀ ਵੰਡ ਨਾਲ ਪਿੰਡ ਵਿਚ ਵਿਕਾਸ ਕਾਰਜਾਂ ਦੀ
ਪੰਚਾਇਤ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪਿੰਡਾਂ ਨੂੰ ਵੀ ਸ਼ਹਿਰਾਂ ਵਾਂਗ
ਬਰਾਬਰ ਤਵੱਜੋ ਦੇ ਰਹੀ ਹੈ ਅਤੇ ਪਿੰਡਾਂ ਦਾ ਕਾਇਆਕਲਪ ਕਰਨ ਲਈ ਕੋਈ ਕਸਰ ਬਾਕੀ ਛੱਡੀ
ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਹਲਕਾ ਮੋਹਾਲੀ ਦੇ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ
ਪੱਧਰ ’ਤੇ ਜਾਰੀ ਹਨ ਅਤੇ ਜਿਥੇ ਕਿਤੇ ਵੀ ਪੈਸੇ ਦੀ ਕੋਈ ਕਮੀ ਹੁੰਦੀ ਹੈ ਤਾਂ ਤੁਰੰਤ
ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਾਸਤੇ ਗ੍ਰਾਂਟਾਂ
ਦੀ ਕੋਈ ਕਮੀ ਨਹੀਂ ਹੈ ਅਤੇ ਸੂਬੇ ਦੀ ਕਾਂਗਰਸ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ
ਪਿੰਡਾਂ ਦਾ ਚੌਤਰਫ਼ਾ ਵਿਕਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦਾ ਵੀ
ਮੁੂੰਹ-ਮੁਹਾਂਦਰਾ ਬਦਲਿਆ ਜਾ ਰਿਹਾ ਹੈ। ਸ਼ਹਿਰ ਦੀਆਂ ਮਾਰਕੀਟਾਂ ਦਾ ਕਾਇਆਕਲਪ ਕੀਤਾ ਜਾ
ਰਿਹਾ ਹੈ ਤਾਕਿ ਬਾਜ਼ਾਰਾਂ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਸੁੱਖ-ਸਹੂਲਤਾਂ ਮਿਲ ਸਕਣ।
ਸਿਹਤ ਮੰਤਰੀ ਨੇ ਕਿਹਾ ਕਿ ਹਲਕਾ ਮੋਹਾਲੀ ’ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ
ਹਨ ਅਤੇ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾ ਰਹੀ। ਇਸ ਮੌਕੇ ਪਿੰਡ ਵਾਸੀਆਂ ਨੇ
ਜਿਥੇ ਕੈਬਨਿਟ ਮੰਤਰੀ ਦਾ ਧਨਵਾਦ ਕੀਤਾ, ਉਥੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਪਿੰਡ
ਵਾਸੀਆਂ ਨੇ ਕੈਬਨਿਟ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਦਾ ਵੀ ਸਨਮਾਨ
ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ,
ਜਸਵਿੰਦਰ ਸਿੰਘ ਪੱਪਾ ਸਰਪੰਚ, ਜਸਵੰਤ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ, ਅਵਤਾਰ
ਸਿੰਘ, ਬਲਬੀਰ ਸਿੰਘ, ਜਰਨੈਲ ਸਿੰਘ (ਸਾਰੇ ਪੰਚ), ਜਗਪਾਲ ਸਿੰਘ, ਮਾਸਟਰ ਸੁਰਮੁਖ
ਸਿੰਘ, ਜਰਨੈਲ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਪ੍ਰਦੁੱਮਣ ਸਿੰਘ, ਐੱਸ ਕੇ ਸੂਦ ਸਾਬਕਾ
ਜ਼ਿਲ੍ਹਾ ਅਟਾਰਨੀ,ਬੀ.ਡੀ.ਪੀ.ਓ. ਹਿਤੇਨ ਕਪਿਲਾ, ਸਿਮਰਜੀਤ ਕੌਰ ਐਸ.ਡੀ.ਓ. (ਪਬਲਿਕ
ਹੈਲਥ), ਵਿਵੇਕ ਕੁਮਾਰ ਜੇ.ਈ., ਪਿੰਡ ਦੀ ਸਮੁੱਚੀ ਪੰਚਾਇਤ, ਪਿੰਡ ਵਾਸੀ ਅਤੇ ਹੋਰ
ਪਤਵੰਤੇ ਮੌਜੂਦ ਸਨ।






















