ਕਿਸਾਨ ਅੰਦੋਲਨ ਦੌਰਾਨ ਵਾਪਰਿਆ ਸੜਕ ਹਾਦਸਾ- 2 ਕਿਸਾਨਾਂ ਦੀ ਮੌਤ ਤੇ 7ਹੋਏ ਜਖਮੀ ,ਹਸਪਤਾਲ ਵਿੱਚ ਹਨ ਦਾਖਲ
ਜਖਮੀਆਂ ਦਾ ਹਾਲ ਚਾਲ ਪੁੱਛਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਹੁੰਚੇ ਹਸਪਤਾਲ
ਐਸ.ਐਮ.ਓ ਨੂੰ ਮਿਆਰੀ ਇਲਾਜ ਯਕੀਨੀ ਕਰਨ ਲਈ ਦਿੱਤੀਆਂ ਹਦਾਇਤਾਂ

ਚੰਡੀਗੜ੍ਹ,15 ਦਸੰਬਰ (ਵਿਸ਼ਵ ਵਾਰਤਾ)- ਸਿਹਤ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਇਕ ਦੁਰਘਟਨਾ ਵਿਚ ਜਖਮੀ ਹੋਏ ਕਿਸਾਨਾਂ ਦਾ ਹਾਲਚਾਲ ਪੁੱਛਿਆ। ਇਹ ਕਿਸਾਨ ਦਿੱਲੀ ਮੋਰਚੇ ਤੋਂ ਵਾਪਸ ਆ ਰਹੇ ਸਨ ਜੋ ਮੁਹਾਲੀ ਜਿਲ੍ਹੇ ਦੇ ਪਿੰਡ ਮਜਾਤੜੀ ਤੇ ਰੰਗੀਆਂ ਦੇ ਵਸਨੀਕ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ ਛੋਟਾ ਹਾਥੀ (ਫੋਰ ਵੀਲ੍ਹਰ) ਵਿਚ ਸਵਾਰ ਸਨ ਅਤੇ ਭਾਗੋਮਾਜਰਾ ਮੁਹਾਲੀ ਵਿਖੇ ਟਿੱਪਰ ਨਾਲ ਹੋਈ ਟੱਕਰ ਦੀ ਮੰਦਭਾਗੀ ਘਟਨਾ ਕਾਰਣ ਦੋ ਕਿਸਾਨ ਦੀਪ ਸਿੰਘ ਪਿੰਡ ਪੋਪਨਾ ਜਿਲ੍ਹਾ ਮੁਹਾਲੀ ਤੇ ਸੁਖਦੇਵ ਸਿੰਘ ਪਿੰਡ ਡਡਿਆਣਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੌਤ ਹੋ ਗਈ ਜਦਕਿ 4 ਕਿਸਾਨਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਇਹਨਾਂ ਨੂੰ ਸਿਵਲ ਹਸਪਤਾਲ ਮੁਹਾਲੀ ਤੋਂ ਅੱਗੇ ਪੀ.ਜੀ.ਆਈ ਤੇ 32- ਹਸਪਤਾਲ, ਚੰਡੀਗੜ੍ਹ ਰੈਫੱਰ ਕਰ ਦਿੱਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ 3 ਕਿਸਾਨ ਮੁਹਾਲੀ ਹਸਪਤਾਲ ਵਿਖੇ ਜ਼ੇਰੇ-ਏ-ਇਲਾਜ ਹਨ ਜਿਨ੍ਹਾਂ ਦਾ ਹਸਪਤਾਲ ਜਾ ਕੇ ਹਾਲਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ 2 ਕਿਸਾਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।ਉਨ੍ਹਾਂ ਐਸ.ਐਮ.ਓ ਡਾ. ਅਰੀਤ ਕੌਰ ਨੂੰ ਕਿਸਾਨਾਂ ਦੇ ਮਿਆਰੀ ਇਲਾਜ ਯਕੀਨੀ ਕਰਨ ਲਈ ਹਦਾਇਤਾਂ ਵੀ ਦਿੱਤੀਆਂ।






















