*ਅਮਰ ਸ਼ਹੀਦ ਠੀਕਰੀਵਾਲਾ ਦੇ ਬਰਸੀ ਸਮਾਗਮਾਂ ‘ਤੇ ਨਹੀਂ ਬੋਲ ਸਕਣਗੇ ਸਿਆਸੀ ਆਗੂ*
* ਨੌਜਵਾਨਾਂ ਨੇ ਕੀਤਾ ਪਾਰਟੀਆਂ ਦਾ ਬਾਈਕਾਟ*

ਬਰਨਾਲਾ, 14 ਦਸੰਬਰ, (ਤਰਸੇਮ ਗੋਇਲ)–ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਵਿਚ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਸ਼ਹੀਦੀ ਬਰਸੀ ਮਨਾਉਣ ਸਬੰਧੀ ਪਿੰਡ ਵਾਸੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਐਤਕੀਂ ਬਰਸੀ ਸਮਾਗਮ ਮੌਕੇ ਸਿਆਸੀ ਪਾਰਟੀਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਭਜਨ ਸਿੰਘ ਭੁੱਲਰ, ਖਜ਼ਾਨਚੀ ਅਵਤਾਰ ਸਿੰਘ ਨੰਬਰਦਾਰ ਤੇ ਮੌਜੂਦਾ ਸਰਪੰਚ ਕਿਰਨਜੀਤ ਸਿੰਘ ਹੈਪੀ ਨੇ ਦੱਸਿਆ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ 18, 19 ਤੇ 20 ਜਨਵਰੀ 2021 ਨੂੰ ਮਨਾਈ ਜਾ ਰਹੀ ਹੈ। ਜਿਸ ਸਬੰਧੀ ਨਗਰ ਪੰਚਾਇਤ, ਨੌਜਵਾਨ ਸਭਾ ਤੇ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਇਸ ਵਾਰ ਬਰਸੀ ਸਮਾਗਮ ਕਿਸਾਨੀ ਘੋਲ ਨੂੰ ਸਮਰਪਤ ਹੋਵੇਗਾ ਤੇ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਬਾਈਕਾਟ ਰਹੇਗਾ।
ਸ਼ਹੀਦ ਸੇਵਾ ਸਿੰਘ ਨੇ ਰਜਵਾੜਾਸ਼ਾਹੀ ਵਿਰੁੱਧ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਸੀ। ਇਸ ਵਾਰ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਤਬਕਾ ਠੰਢ ਵਿਚ ਦਿੱਲੀ ਦੀਆਂ ਸੜਕਾਂ ‘ਤੇ ਰਾਤਾਂ ਕੱਟ ਰਿਹਾ ਹੈ। ਇਸ ਵਾਰ ਸਿਰਫ਼ ਕਿਸਾਨ, ਮਜ਼ਦੂਰ ਜਥੇਬੰਦੀਆਂ ਨੂੰ ਸ਼ਹੀਦੀ ਸਮਾਗਮ ਮੌਕੇ ਸਟੇਜ ‘ਤੇ ਚੜ੍ਹਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 18 ਜਨਵਰੀ ਨੂੰ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਸਜਾਇਆ ਜਾਵੇਗਾ।19 ਤੇ 20 ਜਨਵਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।





















