ਪੁਰਾਣੀ ਰੰਜਸ਼ ਦੇ ਤਹਿਤ ਅੱਧੀ ਦਰਜਨ ਲੋਕਾਂ ਨੇ ਕੀਤਾ ਹਮਲਾ

ਹੁਸ਼ਿਆਰਪੁਰ 6 ਦਸੰਬਰ ,(ਤਰਸੇਮ ਦੀਵਾਨਾ )-ਹੁਸ਼ਿਆਰਪੁਰ ਦੇ ਫ਼ੂਡ ਸਪਲਾਈ ਵਿਭਾਗ ਵਿੱਚ ਬਤੌਰ ਫ਼ੂਡ ਇੰਸਪੇਕਟਰ ਡਿਊਟੀ ਨਿਭਾ ਰਹੇ ਡਾ. ਤੇਜਬੀਰ ਸਿੰਘ ਧਾਲੀਵਾਲ ਤੇ ਅੱਧੀ ਦਰਜਨ ਲੋਕਾਂ ਨੇ ਜਾਨਲੇਵਾ ਹਮਲਾ ਕਰ ਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।ਦੱਸਿਆ ਜਾਂਦਾ ਹੈ ਕਿ ਇਹ ਸਾਰਾ ਮਾਮਲਾ ਪਿਛਲੀ ਰੰਜਿਸ਼ ਨਾਲ ਸਬੰਧਤ ਹੈ ਜਿਸ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਉਨ੍ਹਾਂ ਉਤੇ ਇਹ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕਥਿਤ ਕੋਸ਼ਿਸ਼ ਕੀਤੀ ਗਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡਾ ਤੇਜਬੀਰ ਸਿੰਘ ਧਾਲੀਵਾਲ ਦੇ ਭਰਾ ਅਮਰਿੰਦਰ ਸਿੰਘ ਧਾਲੀਵਾਲ ਨੇ ਸਿਵਲ ਹਸਪਤਾਲ ਵਿੱਚ ਦੱਸਿਆ ਕਿ ਮੁਹੱਲਾ ਅਸਲਮਾਬਾਦ ਵਿਖੇ ਦੇਰ ਸ਼ਾਮ ਜਦੋਂ ਉਹ ਆਪਣੇ ਘਰ ਨੂੰ ਆ ਰਹੇ ਸਨ ਕਿ ਗੱਡੀ ਪਾਰਕਿੰਗ ਨੂੰ ਲੈ ਕੇ ਉਨ੍ਹਾਂ ਦੀ ਆਪਣੇ ਗੁਆਂਢੀ ਨਾਲ ਬੋਲ ਬੁਲਾਰਾ ਹੋ ਗਿਆ।ਜਿਸ ਤੋਂ ਬਾਅਦ ਜਦੋਂ ਡਾ ਤੇਜਬੀਰ ਸਿੰਘ ਧਾਲੀਵਾਲ ਨੇ ਗੱਡੀ ਪਾਰਕ ਕਰਣ ਲਈ ਗੁਆਂਢੀ ਨੂੰ ਆਪਣੇ ਬਾਇਕ ਸਾਇਡ ‘ਤੇ ਕਰਨ ਨੂੰ ਕਿਹਾ ਕਿ ਤਾਂ ਉਨ੍ਹਾਂ ਦੇ ਗੁਆਂਢੀਆਂ ਅਵਤਾਰ ਚੰਦ ਬੱਧਣ, ਉਸ ਦੇ ਜੁਆਈ, ਦੋਹਤਿਆਂ ਅਤੇ ਹੋਰ ਅਣਪਛਾਤੇ 6 – 7 ਲੋਕਾਂ ਨੇ ਡਾ ਧਾਲੀਵਾਲ ਅਤੇ ਭਰਾ ਅਮਰਿੰਦਰ ਸਿੰਘ ਧਾਲੀਵਾਲ ‘ਤੇ ਤੇਜਧਾਰ ਹਥਿਆਰਾਂ ਨਾਲ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ।ਜਿਸਦੇ ਸਿੱਟੇ ਵਜੋਂ ਦੋਵੇਂ ਭਰਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ,ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਡਾ. ਧਾਲੀਵਾਲ ਮੁਤਾਬਕ ਉਨ੍ਹਾਂ ਦੀ ਗੁਆਂਢੀਆਂ ਨਾਲ ਗੇਮ ਖੇਡਣ ਨੂੰ ਲੈ ਕੇ ਪੁਰਾਣੀ ਰੰਜਸ਼ ਸੀ ਕਿਉਂਕਿ ਉਹ ਆਪਣੇ ਨਾਲ ਦੇ ਖਾਲੀ ਪਲਾਟ ਵਿੱਚ ਖੇਡਣ ਤੋਂ ਰੋਕਦੇ ਸਨ।ਜਿਸ ਕਾਰਨ ਗੁਆਂਢੀ ਉਨ੍ਹਾਂ ਦੇ ਨਾਲ ਰੰਜਿਸ਼ ਰੱਖਦੇ ਸਨ।ਬੀਤੀ ਸ਼ਾਮ ਉਨ੍ਹਾਂ ਨੇ ਮੌਕਾ ਪਾਕੇ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ । ਇਸ ਸੰਬੰਧੀ ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਜੋ ਮੌਕੇ ਤੇ ਪਹੁੰਚ ਕੇ ਜਾਂਚ ਪਡ਼ਤਾਲ ਕਰ ਰਹੀ ਹੈ।




















