ਖੇਤੀ ਕਾਨੂੰਨਾਂ ਦਾ ਸੰਘਰਸ਼:ਕਿਸਾਨਾਂ ਵਿੱਚ ਜੋਸ਼ ਤੇ ਉਤਸ਼ਾਹ ਠਾਠਾਂ ਮਾਰ ਰਿਹਾ ਹੈ
ਕਾਮਰੇਡ ਹਰਦੇਵ ਅਰਸ਼ੀ ਵੱਲੋਂ ਦਿੱਲੀ ਜਿੱਤਕੇ ਮੁੜਨ ਦਾ ਦਾਅਵਾ

ਮਾਨਸਾ, 29 ਨਵੰਬਰ( ਵਿਸ਼ਵ ਵਾਰਤਾ )-ਦਿੱਲੀ ਦੇ ਟਿਕਰੀ ਬਾਰਡਰ ਤੇ ਜਾਮ ਤੇ ਲੱਖਾਂ ਕਿਸਾਨਾਂ ਦਾ ਜੋਸ਼ ਠਾਠਾਂ ਮਾਰ ਰਿਹਾ ਹੈ,ਉਹ ਜਿੱਤਕੇ ਮੁੜਨ ਲਈ ਦ੍ਰਿੜ੍ਹ ਸੰਕਲਪ ਲੈ ਚੁੱਕੇ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਇੰਡੀਆ ਕਿਸਾਨ ਸਭਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮੋਬਾਈਲ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਕਿਸਾਨ ਸੰਘਰਸ਼ ਲਈ ਪੰਜਾਬ ਵਿਚੋਂ ਗਏ ਵੱਡੇ ਕਾਫ਼ਲੇ ਵਿੱਚ ਪਹਿਲੇ ਦਿਨ ਤੋਂ ਹੀ ਦਿੱਲੀ ਵੱਲ ਚੜ੍ਹਾਈ ਕਰਕੇ ਗਏ ਹਨ।
ਕਿਸਾਨ ਆਗੂ ਨੇ ਇਹ ਵੀ ਉਤਸ਼ਾਹ ਜਨਕ ਜਾਣਕਾਰੀ ਦਿੱਤੀ ਕਿ ਬਹਾਦਰਗੜ੍ਹ ਤੇ ਦਿੱਲੀ ਦੇ ਲੋਕ ਖਾਣ-ਪੀਣ ਆਦਿ ਦੀਆਂ ਵਸਤਾਂ ਤੋਂ ਇਲਾਵਾ ਗਰਮ ਕੰਬਲ ਵੀ ਕਿਸਾਨਾਂ ਵਿੱਚ ਵੰਡਕੇ ਉਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਿੱਚ ਦਿੱਲੀ ਨੂੰ ਜਾਂਦਿਆਂ ਹਰਿਆਣਾ ਵਿੱਚ ਦੀ ਗੁਜਰ ਰਹੇ ਹਰਿਆਣਾ ਦੇ ਕਿਸਾਨਾਂ ਅਤੇ ਆਮ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਖਾਣ-ਪੀਣ ਦੀਆਂ ਵਸਤਾ ਭੇਂਟ ਕੀਤੀਆਂ ਗਈਆਂ।ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਆਦਿ ਦੇ ਵਿਦਿਆਰਥੀ ਮੁੰਡੇ-ਕੁੜੀਆਂ ਗਰੁੱਪ ਬਣਾਕੇ ਜਾਮ ਦੇ ਵਿੱਚ ਜੁੜੇ ਕਿਸਾਨਾਂ ਨਾਲ ਆਪਣੀ ਹਮਾਇਤ ਦਾ ਪ੍ਰਗਟਾਵਾ ਕਰ ਰਹੇ ਹਨ।
ਕਾਮਰੇਡ ਆਰਸ਼ੀ ਕੇਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਹੈ,ਜਿਸ ਵਿੱਚ ਨਿਕਲਣ ਲਈ ਉਹ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ।ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਕਿਸਾਨ ਸੰਘਰਸ਼ ਵਿੱਚ ਡੱਟਣ ਲਈ ਬਜਿੱਦ ਹਨ,ਜਿਸ ਦੇ ਸਿੱਟੇ ਵਜੋਂ ਮੋਦੀ ਸਰਕਾਰ ਨੂੰ ਝੁੱਕਣਾ ਪਵੇਗਾ ਅਤੇ ਜਲਦ ਹੀ ਗੱਲਬਾਤ ਸ਼ੁਰੂ ਕਰਨੀ ਪਵੇਗੀ।
ਇਸੇ ਦੌਰਾਨ ਉਨ੍ਹਾਂ ਨਾਲ ਮੌਜੂਦ ਸੀਨੀਅਰ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਕਾਮਰੇਡ ਸੀਤ ਰਾਮ ਗੋਬਿੰਦਪੁਰਾ ਨੇ ਦੱਸਿਆ ਹੈ ਕਿ ਕਿਸਾਨਾਂ ਵਿੱਚ ਸਰਕਾਰ ਦੇ ਪਾਲਤੂ ਗੋਦੀ ਮੀਡੀਆ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ,ਕਿਉਂਕਿ ਇਹ ਮੀਡੀਆ ਕਿਸਾਨੀ ਸੰਘਰਸ਼ ਨੂੰ ਨਾ ਕੇਵਲ ਪੂਰੀ ਤਰ੍ਹਾਂ ਨਜਰ ਅੰਦਾਜ਼ ਕਰ ਰਹੇ,ਬਲਕਿ ਗੁੰਮਰਾਹ ਪੂਰਨ ਤੇ ਤੱਥਾਂ ਰਹਿਤ ਪ੍ਰਚਾਰ ਕਰਕੇ ਕਿਸਾਨੀ ਸੰਘਰਸ਼ ਦਾ ਅਕਸ ਖ਼ਰਾਬ ਕਰਨ ਲਈ ਯਤਨਸ਼ੀਲ ਹੈ।




















