ਈਟੀਟੀ ਦਾ ਪੇਪਰ ਦੇਣ ਜਾ ਰਹੀਆਂ ਲੜਕੀਆਂ ਦੀ ਕਾਰ ਹਾਦਸਾਗ੍ਰਸਤ
ਭੀਖੀ ਨੇੜੇ ਟਰਾਲੇ ਤੇ ਕਾਰ ਦੀ ਸਿੱਧੀ ਟੱਕਰ ‘ਚ ਇੱਕ ਵਿਦਿਆਰਥਣ ਦੀ ਮੌਤ, 8 ਜ਼ਖ਼ਮੀ

ਮਾਨਸਾ, 29 ਨਵੰਬਰ( ਵਿਸ਼ਵ ਵਾਰਤਾ )-ਮਾਨਸਾ-ਪਟਿਆਲਾ ਮੁੱਖ ਮਾਰਗ ‘ਤੇ ਗਿਆਨ ਰਿਜੌਰਟ ਕੋਲ ਇੱਕ ਟਵੇਰਾ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਇੱਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਜਦੋਂ ਕਿ ਕਾਰ ਵਿੱਚ ਸਵਾਰ 6 ਹੋਰ ਲੜਕੀਆਂ,ਇੱਕ ਲੜਕਾ ਅਤੇ ਡਰਾਇਵਰ ਜ਼ਖਮੀ ਹੋ ਗਏ,ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ।
ਮਾਨਸਾ ਪੁਲੀਸ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣਾ ਦੇ ਪਿੰਡ ਭਾਦੜਾ ਅਤੇ ਸੁਖਚੈਨ ਤੋਂ 7 ਵਿਦਿਆਰਥਣਾਂ ਈਟੀਟੀ ਦਾ ਪੇਪਰ ਦੇਣ ਲਈ ਮੋਹਾਲੀ ਲਈ ਸਵੇਰੇ ਤਿੰਨ ਵਜੇ ਕਾਲਿਆਂਵਾਲੀ ਤੋਂ ਰਵਾਨਾ ਹੋਈਆਂ ਸਨ ਤਕਰੀਬਨ 4 ਵਜੇ ਜਦ ਉਹਨਾਂ ਦੀ ਗੱਡੀ ਭੀਖੀ ਦੇ ਮਾਨਸਾ ਰੋਡ ਤੇ ਗਿਆਨ ਰਿਜੌਰਟ ਕੋਲ ਪਹੁੰਚੀ ਤਾਂ ਉਸਦੀ ਸਾਹਮਣੇ ਤੋਂ ਆ ਰਹੇ ਟਰਾਲੇ (ਘੋੜੇ) ਨਾਲ ਟੱਕਰ ਹੋ ਗਈ, ਜਿਸ ਨਾਲ ਟਵੇਰਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਕਾਰ ਸਵਾਰ ਵਿਦਿਆਰਥਣ ਸਿਮਰਨਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਕਾਲਿਆਂਵਾਲੀ ਦੀ ਮੌਤ ਹੋ ਗਈ,ਜਦੋਂ ਕਿ ਕਾਰ ਵਿੱਚ ਸਵਾਰ 7 ਹੋਰ ਲੜਕੀਆਂ,ਇੱਕ ਲੜਕਾ ਅਤੇ ਡਰਾਇਵਰ ਜ਼ਖ਼ਮੀ ਹੋ ਗਏ,ਜਿੰਨਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ।ਉਨ੍ਹਾਂ ਦੱਸਿਆ ਕਿ ਭੀਖੀ ਪੁਲੀਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਮ੍ਰਿਤਕ ਸਿਮਰਨਜੀਤ ਕੌਰ ਪੇਪਰ ਦੇਣ ਲਈ ਆਪਣੇ ਦੋ ਸਾਲਾਂ ਦੇ ਬੱਚੇ ਨੂੰ ਘਰ ਛੱਡਕੇ ਆਈ ਸੀ।




















