ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਅੱਜ ਤੋਂ ਸ਼ੁਰੂ
ਵੱਡੀ ਸੰਖਿਆ ਵਿੱਚ ਹੋਰ ਵੀ ਕਿਸਾਨ ਦਿੱਲੀ ਕੂਚ ਕਰਨ ਲਈ ਤਿਆਰ
ਦਿੱਲੀ, 26ਨਵੰਬਰ (ਵਿਸ਼ਵ ਵਾਰਤਾ)-ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਅਤੇ ਕੱਲ੍ਹ ਪੰਜਾਬ ਦੇ ਕਿਸਾਨਾਂ ਦਾ ਵਿਸ਼ਾਲ ਰੋਸ ਪ੍ਰਦਰਸ਼ਨ ਹੋਣ ਵਾਲਾ ਹੈ। ਇਹ ਕਿਸਾਨ ਕੇਂਦਰ ਦੁਆਰਾ ਕੁਝ ਸਮੇਂ ਪਹਿਲਾਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਥੱਲੇ ਹਜ਼ਾਰਾਂ ਕਿਸਾਨ ਅੱਜ ਦਿੱਲੀ ਵਿੱਚ ਅੰਦੋਲਨ ਕਰਨਗੇ।
ਦਿੱਲੀ ਵਿੱਚ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਦਿੱਲੀ-ਹਰਿਆਣਾ ਸਰਹੱਦ ਉਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਰਿਆਣਾ ਨੇ ਵੀ ਪੰਜਾਬ ਨਾਲ ਲੱਗਦੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਅੰਬਾਲਾ ਵਿੱਚ ਕਿਸਾਨਾਂ ਨੂੰ ਰੋਕਿਆ ਗਿਆ, ਪਰ ਫਿਰ ਵੀ ਕਿਸਾਨਾਂ ਦੇ ਜੱਥੇ ਅੱਗੇ ਵੱਧਦੇ ਗਏ। ਹੁਣ ਵੀ ਵੱਡੀ ਸੰਖਿਆ ਵਿੱਚ ਕਿਸਾਨ ਦਿੱਲੀ ਕੂਚ ਕਰਨ ਲਈ ਤਿਆਰ ਹਨ। ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਨਾਲ ਲੱਗਣ ਵਾਲੀ ਸਰਹੱਦ ਦੋ ਦਿਨਾਂ ਲਈ ਸੀਲ ਰਹੇਗੀ।
ਦਿੱਲੀ ਪੁਲਿਸ ਵੀ ਹੋਈ ਸਰਗਰਮ
ਕਿਸਾਨਾਂ ਨੂੰ ਦਿੱਲੀ ਵਿੱਚ ਜਾਣ ਤੋਂ ਰੋਕਣ ਲਈ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਹੈ। ਪੁਲਿਸ ਨੇ ਰਾਜਧਾਨੀ ਵਿੱਚ ਰੋਸ ਪ੍ਰਦਰਸ਼ਨ ਕਰਨ ਦੀਆਂ ਕਿਸਾਨਾਂ ਜੱਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਜੇਕਰ ਕੋਰੋਨਾ ਪ੍ਰਭਾਵ ਦੇ ਚੱਲਦੇ ਦੌਰ ਵਿੱਚ ਕਿਸਾਨ ਦਿੱਲੀ ਵਿੱਚ ਇਕੱਠੇ ਹੋਏ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।