ਚੰਡੀਗੜ੍ਹ 23 ਨਵੰਬਰ (ਵਿਸ਼ਵ ਵਾਰਤਾ) – ਕੇਂਦਰ-ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ-ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਕਾਰਵਾਈ ਸਬੰਧੀ ਆਰਡੀਨੈਂਸ ਖਿਲਾਫ ਸਾਂਝਾ-ਸੰਘਰਸ਼ ਭਲੇ ਹੀ ਬੇਹੱਦ ਚੁਣੌਤੀਆਂ ਭਰਪੂਰ ਦੌਰ ਵਿੱਚੋਂ ਲੰਘ ਰਿਹਾ ਹੈ। ਕਰਜ਼ੇ ਵਿੰਨੀ ਕਿਸਾਨੀ ਲਈ ਲੰਬਾ ਸੰਘਰਸ਼ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਹੁਣ ਹਰ ਪਿੰਡ ਪੱਧਰ ਤੱਕ ਦਾ ਖਰਚਾ ਲੱਖਾਂ ਰੁ. ਨੂੰ ਢੁੱਕਣ ਵਾਲਾ ਹੈ। ਰੋਜ਼ਾਨਾ ਸੈਂਕੜੇ/ਹਜ਼ਾਰਾਂ ਕਿਸਾਨ ਮਰਦ ਔਰਤਾਂ ਦੇ ਕਾਫਲੇ ਪੂਰੇ ਉਤਸ਼ਾਹ ਨਾਲ ਸੰਘਰਸ਼ ਵਿੱਚ ਸ਼ਾਮਿਲ ਹੋਕੇ ਮੋਦੀ-ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖਿਲਾਫ ਰੋਹਲੀ ਗਰਜ ਉੱਚੀ ਕਰ ਰਹੇ ਹਨ। ਸਾਂਝੇ ਕਿਸਾਨ ਸੰਘਰਸ਼ ਨੂੰ ਇੱਕ ਤੋਂ ਬਾਅਦ ਦੂਜੀ ਮੋਦੀ ਹਕੂਮਤ ਦੀ ਨਵੀਂ ਵੰਗਾਰ/ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤਾਂ ਦੀ ਹਰਿਆਲੀ ਭਲੇ ਹੀ ਮੱਧਮ ਪੈ ਗਈ ਹੈ ਅਤੇ ਕਰਜ਼ੇ ਵਿੰਨੀ ਕਿਸਾਨੀ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਪਰ ਤਸਵੀਰ ਦਾ ਦੂਸਰਾ ਪਾਸਾ ਵੀ ਹੈ ਕਿ ਇਸੇ ਕਿਸਾਨੀ ਸੰਕਟ ਨੇ ਨਵਾਂ ਰਾਹ ਖੋਲ ਦਿੱਤੇ ਹਨ, ਹੁਣ ਸੰਸਾਰ ਦੀਆਂ ਮਾਲਕ ਔਰਤਾਂ ਹਰੀਆਂ ਚੁੰਨੀਆਂ ਬੰਨ੍ਹ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਆਈਆਂ ਹਨ। ਸਟੇਜ ਉੱਪਰ ਬੁਲਾਰੇ ਬਣ ਮੋਦੀ ਹਕੂਮਤ ਨੂੰ ਵੰਗਾਰਨ ਲੱਗੀਆਂ ਹਨ। ਸੈਂਕੜੇ ਪਿੰਡਾਂ ਵਿੱਚ ਔਰਤ ਕਿਸਾਨ ਵਿੰਗ ਬਣ ਗਏ ਹਨ। ਸੰਘਰਸ਼ ਦੇ ਹਰ ਪੜਾਅ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ/ਮੀਟਿੰਗਾਂ/ਮਾਰਚ/ਫੰਡ ਇਕੱਤਰ ਕਰਨ ਵਿੱਚ ਕਿਸਾਨ ਮਰਦਾਂ ਦੇ ਬਰਾਬਰ ਭਾਵੇਂ ਨਾਂ ਸਹੀ ਪਰ ਗਿਣਨਯੋਗ ਭੂਮਿਕਾ ਅਦਾ ਕਰ ਰਹੀਆਂ ਹਨ। ਇੱਕ ਅਕਤੂਬਰ ਤੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਵਿੱਚ ਕਿਸਾਨ ਔਰਤਾਂ ਬਹੁਤ ਸਾਰੇ ਥਾਵਾਂ’ਤੇ ਅੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਕੇ ਆਪਣੀ ਤਾਕਤ ਦਾ ਲੋਹਾ ਮਨਵਾ ਰਹੀਆਂ ਹਨ। ਜਦ ਮੋਦੀ ਹਕੂਮਤ ਨੇ ਇਹ ਕਾਨੂੰਨ ਬਣਾਕੇ ਕਿਸਾਨੀ ਦੀ ‘ਮੌਤ ਦੇ ਵਰੰਟ’ ਜਾਰੀ ਕਰ ਦਿੱਤੇ ਹਨ। ਹੁਣ ਇਹ ਸੰਘਰਸ਼ ਮੁਲਕ ਪੱਧਰ ਤੇ ਫੈਲ ਗਿਆ ਹੈ ਅਤੇ 476 ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਵਾਲੇ ”ਸਾਂਝਾ ਕਿਸਾਨ ਮੋਰਚਾ” ਦੀ ਅਗਵਾਈ ਵਿੱਚ ਅੱਗੇ ਵਧ ਰਿਹਾ ਹੈ। ਪੰਜਾਬ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਇਨ੍ਹਾਂ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਆਗੂਆਂ ਕਿਹਾ ਕਿ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਲਗਾਤਾਰ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਕਰੋੜਾਂ ਰੁ. ਖਰਚਾ ਹੋ ਰਿਹਾ ਹੈ। 26-27 ਨਵੰਬਰ ਨੂੰ ਦਿੱਲੀ ਚਲੋ ਦੇ ਸਾਂਝੇ ਸੱਦੇ ਵਿੱਚ ਪੰਜਾਬ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੇ ਕਿਸਾਨ ਮਰਦ ਅੋਰਤਾਂ ਅਤੇ ਨੌਜਵਾਨਾਂ ਦਾ ਆਪਣੇ ਸਾਧਨਾਂ ਰਾਹੀਂ ਦਿੱਲੀ ਵੱਲ ਕੂਚ ਕਰਨ ਦਾ ਕਰੋੜਾਂ ਰੁ. ਦੇ ਹੋਰ ਖਰਚੇ ਦੀ ਚੁਣੌਤੀ ਦਰਪੇਸ਼ ਹੈ। ਆਗੂ ਉਮੀਦ ਜਤਾ ਰਹੇ ਹਨ ਕਿ ਪਿੰਡਾਂ ਦੇ ਕਿਸਾਨ ਕਾਫਲੇ ਇਸ ਚੁਣੌਤੀ ਨੂੰ ਲੋਕ ਸਹਿਜੇ ਹੀ ਪੂਰੀ ਕਰ ਦੇਣਗੇ। ਸਾਉਣੀ ਦੀ ਫਸਲ ਆਉਣ ਸ਼ੁਰੂ ਹੋਣ ਸਮੇਂ ਤੋਂ ਸ਼ੁਰੂ ਹੋਈ ਫੰਡ ਮੁਹਿੰਮ ਤਕਰੀਬਨ ਮੁਕੰਮਲ ਹੋ ਚੁਕੀ ਹੈ। 24 ਅਤੇ 25 ਨਵੰਬਰ ਨੂੰ ਆਗੂ ਟੀਮਾਂ ਕਿਸਾਨ ਮਰਦ ਔਰਤਾਂ ਘਰ-ਘਰ ਜਾਕੇ ਦਿੱਲੀ ਵੱਲ ਕਾਫਲੇ ਬੰਨ੍ਹਕੇ ਕੂਚ ਕਰੋ ਦੀ ਮੁਹਿੰਮ ਵਿੱਚ ਜੁਟ ਜਾਣਗੇ।
ਮੋਬਾਈਲ ਲੈਣ ਤੋਂ ਇਨਕਾਰ ਕਰਨ ‘ਤੇ ਦੁਕਾਨਦਾਰ ‘ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ ਜਾਰੀ
ਮੋਬਾਈਲ ਲੈਣ ਤੋਂ ਇਨਕਾਰ ਕਰਨ 'ਤੇ ਦੁਕਾਨਦਾਰ 'ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ...