
ਚੰਡੀਗੜ, 19 ਦਸੰਬਰ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਨੁੱਖੀ ਸਰੋਤ ਵਿਕਾਸ ਮੰਤਰੀ ਵੱਲੋਂ ਰਾਜ ਸਭਾ ਵਿਚ ਅੱਜ ਅਕਾਲੀ ਦਲ ਦੇ ਸਾਂਸਦ ਸ੍ਰੀ ਨਰੇਸ਼ ਗੁਜਰਾਲ ਨੂੰ ਦਿੱਤੇ ਇਸ ਭਰੋਸੇ ਦਾ ਸਵਾਗਤ ਕੀਤਾ ਹੈ ਕਿ ਨਵੀਂ ਦਿੱਲੀ ਵਿਚ ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲਿਆ ਜਾਵੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਬਹੁਤ ਹੀ ਸਰਾਹੁਣਯੋਗ ਹੈ ਕਿ ਇਸ ਮੁੱਦੇ ਉੱਤੇ ਸਰਕਾਰ ਦਾ ਪੱਖ ਰੱਖਦਿਆਂ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖਣ ਦਾ ਫੈਸਲਾ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਇਸ ਨਾਲ ਸਾਡੀ ਗੱਲ ਸੱਚ ਹੋ ਗਈ ਹੈ ਕਿ ਐਨਡੀਏ ਸਰਕਾਰ ਦੀ ਕਾਲਜ ਦੀ ਨਾਂ-ਬਦਲੀ ਦੇ ਪ੍ਰਸਤਾਵ ਵਿਚ ਕੋਈ ਭੂਮਿਕਾ ਨਹੀਂ ਸੀ। ਇਸ ਗੱਲ ਦੀ ਵੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਨਾਂ-ਬਦਲੀ ਦਾ ਪ੍ਰਸਤਾਵ ਲਿਆਉਣ ਵਾਲੀ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਕੌਂਸਲ ਨੂੰ ਇਹ ਕਹਿੰਦਿਆਂ ਝਾੜ ਪਾਈ ਹੈ ਕਿ ਕਿਸੇ ਭਾਈਚਾਰੇ ਦੇ ਜਜ਼ਬਾਤਾਂ ਨਾਲ ਖੇਡ ਕੇ ਬੇਲੋੜੇ ਵਿਵਾਦ ਪੈਦਾ ਕਰਨਾ ਗਲਤ ਹੈ।





















