
ਚੰਡੀਗੜ੍ਹ , 20 ਦਸੰਬਰ : (ਵਿਸ਼ਵ ਵਾਰਤਾ ) ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਵਿਧਾਇਕ ਡਾ. ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੌਂਸਲ ਚੋਣਾਂ ਦੌਰਾਨ ਕਾਂਗਰਸ ਨੇ ਕਿਸੇ ਵੀ ਤਰਾਂ ਨਾਲ ਧੱਕੇਸ਼ਾਹੀ ਨਹੀਂ ਕੀਤੀ।
ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਡ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹੁਣ ਜਦੋਂ ਕੌਂਸਲ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਗਠ ਜੋੜ ਦੀ ਕੌਂਸਲ ਚੋਣਾਂ ਵਿਚ ਬੁਰੀ ਹਾਰ ਹੋਈ ਹੈ ਤਾਂ ਅਕਾਲੀ ਤੇ ਭਾਜਪਾ ਆਗੂਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਾਂਗਰਸ ਨੇ ਇਹ ਚੋਣਾਂ ਡੰਡੇ ਦੇ ਜ਼ੋਰ ਨਾਲ ਜਿੱਤੀਆਂ ਹਨ। ਵੇਰਕਾ ਨੇ ਕਿਹਾ ਕਿ ਕਈ ਥਾਵਾਂ ‘ਤੇ ਅਕਾਲੀਆਂ ਨੇ ਖੁੱਦ ਹੀ ਅਪਣੇ ਟੈਂਟ ਪੁੱਟਕੇ ਇਹ ਰੌਲਾ ਪਾ ਦਿੱਤਾ ਕਿ ਕਾਂਗਰਸੀਆਂ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਟੈਂਟ ਪੁੱਟੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂ ਇਹ ਬਿਆਨ ਦੇ ਰਹੇ ਹਨ ਕਿ ਰਾਹੁਲ ਗਾਂਧੀ ਦੇ ਕਾਂਗਰਸ ਦੇ ਪ੍ਰਧਾਨ ਬਣ ਜਾਣ ਨਾਲ ਦੇਸ਼ ਕਾਂਗਰਸ ਮੁਕਤ ਹੋ ਜਾਵੇਗਾ। ਜਦਕਿ ਸਚਾਈ ਇਹ ਹੈ ਕਿ ਪੰਜਾਬ ਅਕਾਲੀ ਦਲ ਮੁਕਤ ਹੋ ਜਾਵੇਗਾ, ਕਿਉਂਕਿ ਪੂਰੇ ਪੰਜਾਬ ਨੇ ਐਮ.ਸੀ. ਚੋਣਾਂ ਵਿਚ ਅਕਾਲੀ ਦਲ ਦਾ ਸਫ਼ਾਇਆ ਕਰ ਦਿੱਤਾ ਹੈ।
ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਕਿਸਾਨ ਕਰਜ਼ਾ ਮਾਫ਼ੀ ਦੀ ਸ਼ੁਰੂਆਤ ਅਗਲੇ ਕੁੱਝ ਹੀ ਦਿਨਾਂ ਵਿਚ ਕਰ ਦੇਣੀ ਹੈ। ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਲਾਗੂ ਕਰ ਦੇਣੀ ਹੈ। ਪਾਕਿਸਤਾਨ ਵਿਚ ਸਿੱਖਾਂ ਦੇ ਕਰਵਾਏ ਜਾ ਰਹੇ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਦੀ ਵਿਦੇਸ਼ ਮੰਤਰੀ ਇਸ ਮਾਮਲੇ ਬਾਰੇ ਪਕਿਸਤਾਨ ਦਾ ਦੌਰਾ ਕਰੇ ਕਿਉਂਕਿ ਸਿੱਖਾਂ ਨਾਲ ਹੋਣ ਵਾਲੇ ਧੱਕੇ ਨੂੰ ਰੋਕਣਾ ਜਰੂਰੀ ਹੈ।





















