ਜਾਖਲ ਤੋਂ ਏਜੰਟ ਕਰਦਾ ਸੀ ਮਾਨਸਾ ਦੀਆਂ ਮੰਡੀਆਂ ਚ ਮਠਿਆਈ ਸਪਲਾਈ
ਮਾਨਸਾ 8 ਨਵੰਬਰ(ਵਿਸ਼ਵ ਵਾਰਤਾ)-ਸਿਹਤ ਵਿਭਾਗ ਨੇ ਐਤਵਾਰ ਨੂੰ ਚੈਕਿੰਗ ਦੌਰਾਨ ਗੁਪਤ ਸੂਚਨਾ ਮਿਲਣ ਤੇ ਹਰਿਆਣਾ ਤੋਂ ਕਾਰ ਚ ਭਰ ਕੇ ਲਿਆਂਦੀ ਜਾ ਰਹੀ ਸ਼ੱਕੀ ਨਕਲੀ ਮਠਿਆਈ ਵੱਡੀ ਮਾਤਰਾ ਚ ਬਰਾਮਦ ਕੀਤੀ ਹੈ,ਜਿਸ ਨੁੰ ਜ਼ਬਤ ਕਰਨ ਤੋਂ ਬਾਅਦ ਉਸਦੇ ਨਮੂਨੇ ਲੈ ਕੇ ਜਾਂਚ ਲਈ ਚੰਡੀਗੜ੍ਹ ਲਈ ਭੇਜੇ ਗਏ ਹਨ। ਜੇਕਰ ਇਸ ਮਠਿਆਈ ਦੇ ਨਮੂਨਿਆਂ ਦੀ ਰਿਪੋਰਟ ਫੇਲ੍ਹ ਪਾਈ ਗਈ ਤਾਂ ਉਸਦੇ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਦੱਸਿਆ ਜਾ ਰਿਹਾ ਹੈ ਕਿ ਇਹ ਸ਼ੱਕੀ ਨਕਲੀ ਤੇ ਮਿਲਾਵਟੀ ਜਾਪਣ ਵਾਲੀ ਮਠਿਆਈ ਕਾਰ ਵਿਚ ਭਰ ਕੇ ਕਾਰ ਚਾਲਕ ਉਸਨੂੰ ਦੀਵਾਲੀ ਦੇ ਮੱਦੇਨਜ਼ਰ ਵੇਚਣ ਲਈ ਮਾਨਸਾ ਵੱਲ ਲੈ ਕੇ ਆ ਰਿਹਾ ਸੀ। ਫੜੀ ਗਈ ਮਠਿਆਈ ਚ 374 ਕਿੱਲੋ ਪਤੀਸਾ, 21 ਕਿੱਲੋ ਬਰਫੀ ਢੋਡਾ ਤੇ 17 ਕਿੱੋਲੋ ਪਲੇਨ ਬਰਫੀ ਸ਼ਾਮਿਲ ਹੈ।ਜਿਸ ਨੂੰ ਡੱਬਿਆਂ ਵਿਚ ਭਰਿਆ ਹੋਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਕੁਲਰੀਆ ਤੇ ਸਿਹਤ ਵਿਭਾਗ ਦੀ ਟੀਮ ਨੁੰ ਗੁਪਤ ਸੂਚਨਾ ਮਿਲੀ,ਜਿਸ ਤੋਂ ਬਾਅਦ ਜ਼ਿਲ੍ਹਾ ਸਿਹਤ ਅਫਸਰ ਗੁਰਪ੍ਰੀਤ ਸਿੰਘ, ਫੂਡ ਸੇਫਟੀ ਅਫਸਰ ਸੀਮਾ ਰਾਣੀ, ਲਕਸ਼ਵੀਰ ਸਿੰਘ ਤੇ ਕੁਲਰੀਆ ਪੁਲਿਸ ਚੌਂਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਹਰਿਆਣਾ ਦੇ ਜਾਖਲ ਤੋਂ ਕਾਰ ਚ ਭਰ ਕੇ ਸ਼ੱਕੀ ਨਕਲੀ ਜਾਪਣ ਵਾਲੀ ਮਠਿਆਈ ਲੈ ਕੇ ਆਉਂਦੇ ਪਾਰਸ ਵਾਸੀ ਜਾਖਲ ਨਾਮੀ ਵਿਅਕਤੀ ਨੂੰ ਦਬੋਚਿਆ,ਜਿਸ ਪਾਸੋਂ ਉਕਤ ਮਠਿਆਈ ਬਰਾਮਦ ਹੋਈ। ਜ਼ਿਲ੍ਹਾ ਸਿਹਤ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਠਿਆਈ ਦੇ ਤਿੰਨ ਨਮੂਨੇ ਲੈ ਕੇ ਉਸਨੂੰ ਜਾਂਚ ਲਈ ਚੰਡੀਗੜ ਭੇਜ ਦਿੱਤਾ ਹੈ ਤੇ ਫੜੀ ਗਈ ਮਠਿਆਈ ਜ਼ਬਤ ਕਰ ਲਈ ਗਈ ਹੈ। ਕੁਲਰੀਆ ਪੁਲਿਸ ਚੌਂਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਜਾਖਲ ਖੇਤਰ ਤੋਂ ਮਾਨਸਾ ਚ ਖੇਤਰ ਚ ਇਹ ਮਠਿਆਈ ਸਪਲਾਈ ਕਰਨ ਵਾਸਤੇ ਲੈ ਕੇ ਆਉਂਦਾ ਸੀ,ਉਹ ਅੱਗੇ ਕਿਸਨੂੰ ਇਹ ਮਠਿਆਈ ਸਪਲਾਈ ਕਰਦਾ ਸੀ ਤੇ ਕੌਣ ਉਸ ਤੋਂ ਇਸਨੂੰ ਮੰਗਵਾਉਂਦਾ ਸੀ,ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮਠਿਆਈ ਸਪਲਾਈ ਕਰਨ ਦੀ ਏਜੰਟੀ ਕਰਦਾ ਹੈ।