ਮਾਨਸਾ 26 ਅਕਤੂਬਰ (ਵਿਸ਼ਵ ਵਾਰਤਾ)- ਕੇਂਦਰੀ ਭਾਜਪਾ ਹਕੂਮਤ ਵੱਲੋਂ ਪੰਜਾਬ ‘ਚ ਮਾਲਗੱਡੀਆਂ ਦੀ ਆਵਾਜਾਈ ਨੂੰ ਅਣਮਿਥੇ ਸਮੇਂ ਲਈ ਰੋਕਣ ਦੀ ਕਾਰਵਾਈ ਨੂੰ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਇਕਜੁੱਟ ਜਾਨਹੂਲਵੇਂ ਘੋਲ਼ ਨੂੰ ਮਿਲ ਰਹੇ ਲਾਮਿਸਾਲ ਸਮਰਥਨ ਤੋਂ ਘਬਰਾ ਕੇ ਪੰਜਾਬ ਦੇ ਸਮੂਹ ਕਿਰਤੀਆਂ ਵਿਰੁੱਧ ਕੀਤੀ ਗਈ ਬੁਖਲਾਹਟ ਭਰੀ ਬਦਲਾਖੋਰ ਕਾਰਵਾਈ ਗਰਦਾਨਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਣਾਂਵਾਲੀ ਥਰਮਲ ਪਲਾਂਟ ਦੀ ਅੰਦਰੂਨੀ ਸਪਲਾਈ ਲਾਈਨ ਰੋਕਣ ਦਾ ਅੰਦੋਲਨ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਇਹ ਇੰਕਸ਼ਾਫ ਕਰਦੇ ਪ੍ਰੈਸਨੋਟ ‘ਚ ਰੇਲ ਮੰਤਰਾਲੇ ਦੇ ਬਿਆਨ ਨੂੰ ਬੇਬੁਨਿਆਦ ਦੂਸ਼ਣਬਾਜ਼ੀ ਦੱਸਦੇ ਹੋਏ ਸਪਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੇ ਮਾਮੂਲੀ ਹਿੱਸੇ ਨੂੰ ਛੱਡ ਕੇ ਸਾਰੇ ਰੇਲ ਮਾਰਗ ਮਾਲਗੱਡੀਆਂ ਲਈ 5 ਨਵੰਬਰ ਤੱਕ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਖਾਲੀ ਕੀਤੇ ਜਾ ਚੁੱਕੇ ਹਨ।ਸਿਰਫ਼ ਵਣਾਂਵਾਲੀ ਤੇ ਰਾਜਪੁਰਾ ਸਥਿਤ ਨਿੱਜੀ ਥਰਮਲਾਂ ਦੀ ਅੰਦਰੂਨੀ ਸਪਲਾਈ ਰੇਲਵੇ ਲਾਈਨ ਹੀ ਇਸ ਜਥੇਬੰਦੀ ਵੱਲੋਂ ਠੱਪ ਕੀਤੀ ਗਈ ਹੈ। ਹਾਕਮਾਂ ਦੀ ਨਿੱਜੀਕਰਨ ਨੀਤੀ ਵਿਰੁੱਧ ਕਿਸਾਨਾਂ ਦੀ ਜੱਦੋਜਹਿਦ ਤਹਿਤ ਜਥੇਬੰਦੀ ਵੱਲੋਂ 60 ਦੇ ਕਰੀਬ ਕਾਰਪੋਰੇਟ ਕਾਰੋਬਾਰ ਸ਼ਾਪਿੰਗ ਮਾਲ, ਟੌਲ ਪਲਾਜੇ,ਪੈਟ੍ਰੋਲ ਪੰਪਾਂ ਸਮੇਤ 9 ਭਾਜਪਾ ਆਗੂਆਂ ਦੇ ਘਰ ਪਹਿਲਾਂ ਹੀ ਲਗਾਤਾਰ ਘਿਰਾਓ ਅਧੀਨ ਹਨ। ਕਾਰਪੋਰੇਟ ਥਰਮਲਾਂ ਦੇ ਘਿਰਾਓ ਰਾਹੀਂ ਕੋਲਾ ਸਪਲਾਈ ਠੱਪ ਕਰਨ ਦਾ ਮਕਸਦ ਵੀ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨੂੰ ਹੋਰ ਤੇਜ ਕਰਨਾ ਹੈ। ਇਸਤੋਂ ਇਲਾਵਾ ਬੰਦ ਪਏ ਲਹਿਰਾਬੇਗਾ ਤੇ ਰੋਪੜ ਦੇ ਸਰਕਾਰੀ ਥਰਮਲਾਂ ਸਮੇਤ ਵੇਚੇ ਗਏ ਬਠਿੰਡਾ ਥਰਮਲ ਨੂੰ ਵੀ ਪੂਰੀ ਸਮਰੱਥਾ ਨਾਲ ਤੁਰੰਤ ਚਾਲੂ ਕਰਵਾਉਣ ਅਤੇ ਪੰਜਾਬ ਦੇ ਤਿੰਨੇ ਨਿੱਜੀ ਥਰਮਲਾਂ ਦਾ ਸਰਕਾਰੀਕਰਨ ਕਰ ਕੇ ਸਮੂਹ ਥਰਮਲ ਮੁਲਾਜ਼ਮਾਂ ਨੂੰ ਬਹਾਲ ਕਰਕੇ ਪੱਕੇ ਕਰਨ ਦੀਆਂ ਮੰਗਾਂ ਉੱਤੇ ਜ਼ੋਰ ਦੇਣਾ ਹੈ। ਕਿਸਾਨ ਆਗੂ ਵੱਲੋਂ ਸਮੂਹ ਕਿਰਤੀ ਪੰਜਾਬੀਆਂ ਨੂੰ ਕੇਂਦਰ ਸਰਕਾਰ ਦੀਆਂ ਅਜਿਹੀਆਂ ਬਦਲਾਖੋਰ ਚਾਲਾਂ ਦਾ ਮੂੰਹਤੋੜ ਜੁਆਬ ਦੇਣ ਲਈ ਮੌਜੂਦਾ ਇਕਜੁੱਟ ਕਿਸਾਨ ਘੋਲ਼ ਵਿੱਚ ਪਰਵਾਰਾਂ ਸਮੇਤ ਕੁੱਦਣ ਦਾ ਸੱਦਾ ਦਿੱਤਾ ਗਿਆ ਹੈ।
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ...























