ਪੇਂਡੂ ਤੇ ਸ਼ਹਿਰੀਆਂ ਨੇ ਮੋਦੀ ਸਰਕਾਰ ਤੇ ਕਾਰਪੋਰੇਟਾਂ ਦੇ ਪੁਤਲਿਆਂ ਨੂੰ ਲਾਏ ਲਾਂਬੂ
ਪ੍ਰਧਾਨ ਮੰਤਰੀ ਦੀਆਂ ਅੱਖਾਂ ਚ ਉਤਰਿਆ ਕਾਰਪੋਰੇਟੀ ਮੋਤੀਆ: ਉਗਰਾਹਾਂ
ਮਾਨਸਾ/ ਚੰਡੀਗੜ੍ਹ 25 ਅਕਤੂਬਰ ( ਵਿਸ਼ਵ ਵਾਰਤਾ )-: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਅੱਜ਼ ਦੁਸ਼ਹਿਰੇ ਦੇ ਮੌਕੇ ਕਾਰਪੋਰੇਟਰਾਂ, ਸਾਮਰਾਜੀਆਂ ਤੇ ਨਰਿੰਦਰ ਮੋਦੀ ਦੀ ਤਿੱਕੜੀ ਦੇ ਦਿਓ ਕੱਦ ਪੁਤਲੇ ਫੂਕਣ ਸਮੇਂ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾਂ, ਔਰਤਾਂ, ਅਧਿਆਪਕਾਂ, ਬਿਜਲੀ ਕਾਮਿਆਂ, ਨੌਜਵਾਨਾਂ, ਰੰਗਕਰਮੀਆਂ, ਸਾਹਿਤਕਾਰਾਂ, ਕਲਾਕਾਰਾਂ, ਤਰਕਸ਼ੀਲਾਂ, ਸ਼ਹਿਰੀ ਲੋਕਾਂ ਤੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਮਜ਼ਦੂਰਾਂ ਸਮੇਤ ਦੋ ਲੱਖ ਦੇ ਕਰੀਬ ਲੋਕਾਂ ਵੱਲੋਂ ਕੀਤੀ ਸ਼ਮੂਲੀਅਤ ਕਿਸਾਨ ਘੋਲ਼ ਦੇ ਤੇਜ਼ੀ ਨਾਲ ਲੋਕ ਘੋਲ਼ ਚ ਪਲਟਣ ਵੱਲ ਵਧਦੇ ਕਦਮਾਂ ਦਾ ਸੰਕੇਤ ਹੋ ਨਿੱਬੜੀ।ਇਸ ਜਥੇਬੰਦੀ ਦੇ ਸੱਦੇ ‘ਤੇ ਅੱਜ 14 ਜ਼ਿਲ੍ਹਿਆਂ ਦੇ 42 ਸ਼ਹਿਰੀ ਕੇਂਦਰਾਂ ਚ ਬਦੀ ਦੀ ਇਸ ਤਿੱਕੜੀ ਦੇ ਪੁਤਲੇ ਫੂਕਣ ਸਮੇਂ ਪੇਂਡੂ ਲੋਕਾਂ ਤੋਂ ਇਲਾਵਾ ਸ਼ਹਿਰੀ ਜਨਤਾਂ ਵੱਲੋਂ ਕੀਤੀ ਭਾਰੀ ਸ਼ਮੂਲੀਅਤ ਵਿਦੇਸ਼ੀ ਕੰਪਨੀਆਂ,ਕਾਰਪੋਰੇਟਾਂ ਤੇ ਭਾਜਪਾ ਖ਼ਿਲਾਫ ਲੋਕਾਂ ਦੀ ਤਿੱਖੀ ਨਫਰਤ ਅਤੇ ਵਿਸ਼ਾਲ ਏਕਤਾ ਦਾ ਜ਼ੋਰਦਾਰ ਪ੍ਰਗਟਾਵਾ ਸਾਬਤ ਹੋ ਗਿਆ।
ਖੇਤੀ ਧੰਦੇ ਦੇ ਜ਼ੋਰਦਾਰ ਕਸਾਅ ਦੇ ਬਾਵਜੂਦ ਅੱਜ ਦੇ ਪ੍ਰਦਰਸ਼ਨਾਂ ਚ ਜੁੜੀ ਵਿਸ਼ਾਲ ਲੋਕਾਈ ਨੇ ਦਰਸਾ ਦਿੱਤਾ ਕਿ ਖੇਤੀ ਸੀਜ਼ਨ ਦੌਰਾਨ ਵੀ ਇਹ ਘੋਲ਼ ਹੋਰ ਵਿਸ਼ਾਲ ਤੇ ਤੇਜ਼ ਹੋਵੇਗਾ।ਇਹ ਵਿਸ਼ਾਲ ਤੇ ਰੋਹ ਭਰਪੂਰ ਪ੍ਰਦਰਸ਼ਨ ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ,ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਤੇ ਫਾਜਲਿਕਾ ਦੇ ਸ਼ਹਿਰੀ ਕੇਂਦਰਾਂ ਚ ਕੀਤੇ ਗਏ। ਇਸੇ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੀ ਮੰਡੀ ਕਿੱਲਿਆਂਵਾਲੀ (ਡੱਬਵਾਲੀ )ਵਿਖੇ ਇਸ ਤਿੱਕੜੀ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਉਣ ਸਮੇਂ ਜਿੱਥੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰਨਾਂ ਵਰਗਾ ਦਾ ਜੁੜਿਆ ਲਾਮਿਸਾਲ ਇਕੱਠ ਅੰਤਰਰਾਜੀ ਏਕਤਾ ਦਾ ਪ੍ਰਤੀਕ ਹੋ ਨਿੱਬੜਿਆ ਉੱਥੇ ਸੰਗਰੂਰ ਜ਼ਿਲ੍ਹੇ ਚ ਮਲੇਰਕੋਟਲਾ ਦੇ ਪ੍ਰਦਰਸ਼ਨ ਸਮੇਂ ਕਿਸਾਨਾਂ ਅਤੇ ਸ਼ਹਿਰ ਦੀ ਜਨਤਾ ਸਮੇਂ ਮੁਸਲਿਮ ਭਾਈਚਾਰੇ ਦੇ ਮਰਦ ਔਰਤਾਂ ਵੱਲੋਂ ਹਜ਼ਾਰਾਂ ਦੀ ਤਦਾਦ ‘ਚ ਸ਼ਾਮਲ ਹੋਕੇ ਕਿਸਾਨਾਂ ਦੇ ਉਤਸ਼ਾਹ ਤੇ ਜੋਸ਼ ਖਰੋਸ਼ ਨੂੰ ਦੁੱਗਣਾ ਕਰ ਦਿੱਤਾ।
ਇਹਨਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ.( ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ,ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਸਮੇਤ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਡੀ.ਟੀ.ਐਫ.ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ,ਜਮਾਤੇ ਇਸਲਾਮੀ ਪੰਜਾਬ ਹਰਿਆਣਾ ਦੇ ਪ੍ਰਧਾਨ ਅਬਦੁੱਲ ਸ਼ਕੂਰ ,ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਹਰਿਆਣਾ ਦੇ ਕਿਸਾਨ ਆਗੂ , ਰਾਜਸਥਾਨ ਚੋਂ ਆਏ ਕਿਸਾਨ ਆਗੂ ਕੁਲਵਿੰਦਰ ਸਿੰਘ ਹਰੀਪੁਰਾ ਤੇ ਅਨਮੋਲ ਸਿੰਘ ਦੇਸੂ ਯੋਧਾ ਨੇ ਵੀ ਸੰਬੋਧਨ ਕੀਤਾ। ਸ੍ਰੀ ਉਗਰਾਹਾਂ ਤੇ ਸ੍ਰੀ ਕੋਕਰੀ ਕਲਾਂ ਨੇ ਐਲਾਨ ਕੀਤਾ ਕਿ ਉਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਸਾਹ ਲੈਣਗੇ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨੀ ਘੋਲ਼ ਨੂੰ ਕਦੇ ਵਿਰੋਧੀ ਸਿਆਸੀ ਪਾਰਟੀਆਂ ਤੇ ਕਦੇ ਵਿਚੋਲਿਆਂ ਦਾ ਸੰਘਰਸ਼ ਦੱਸਣ ਵਾਲੀ ਬਿਆਨਬਾਜ਼ੀ ਨੂੰ ਘਟੀਆ,ਹੋਛੀ ਤੇ ਗ਼ੈਰ ਜ਼ਿੰਮੇਵਾਰ ਕ਼ਰਾਰ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਦੀਆਂ ਅੱਖਾਂ ਚ ਉੱਤਰਿਆ ਕਾਰਪੋਰੇਟੀ ਮੋਤੀਆ ਉਹਨਾਂ ਨੂੰ ਕਿਸਾਨ ਦਿਸਣ ਹੀ ਨਹੀਂ ਦੇ ਰਿਹਾ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਦੇਸ਼ ਦੀ ਰੀੜ੍ਹ ਹੱਡੀ ਖੇਤੀ ਖੇਤਰ ਨੂੰ ਅੰਡਾਨੀਆ,ਅੰਬਾਨੀਆ ਅਤੇ ਮੈਨਸੈਟੋ,ਬਾਇਰ ਤੇ ਕਾਰਗਿਲ ਵਰਗੀਆਂ ਵਿਦੇਸ਼ੀ ਤੇ ਧੜਵੈਲ ਕੰਪਨੀਆਂ ਹਵਾਲੇ ਕਰਕੇ ਕਿਸਾਨੀ ਨੂੰ ਉਜਾੜਨ ਤੇ ਤੁਲੀ ਹੋਈ ਹੈ। ਉਹਨਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹੋਣ ਦੇ ਨਾਲ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਰਾਹੀਂ ਪੇਂਡੂ ਤੇ ਸ਼ਹਿਰੀ ਗਰੀਬਾਂ ਨੂੰ ਭੁੱਖਮਰੀ ਦੇ ਜਬਾੜਿਆਂ ਚ ਤੁੰਨਣ ਵਾਲੇ ਹਨ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਕੇਂਦਰੀ ਹਕੂਮਤ ਦਾ ਠੇਕਾ ਖੇਤੀ ਕਾਨੂੰਨ ਜਿੱਥੇ ਕਿਸਾਨਾਂ ਨੂੰ ਖੇਤਾਂ ਚੋਂ ਬਾਹਰ ਕੱਢੇਗਾ ਉਥੇ ਦੇਸ਼ੀ ਵਿਦੇਸ਼ੀ ਧੜਵੈਲ ਕੰਪਨੀਆਂ ਵੱਲੋਂ ਵੱਡੀ ਮਸਨੀਰੀ ਤੇ ਰਸਾਇਣਾ ਦੇ ਜ਼ੋਰ ਆਪਣੇ ਮੁਨਾਫੇ ਦੀ ਹਵਸ਼ ਤਹਿਤ ਕੀਤੀ ਜਾਣ ਵਾਲੀ ਖੇਤੀ ਬੇਰੁਜ਼ਗਾਰੀ ਦਾ ਹੜ੍ਹ ਲਿਆਉਣ ਤੋਂ ਇਲਾਵਾ ਖਾਧ ਖੁਰਾਕ ਤੇ ਵਾਤਾਵਰਨ ਨੂੰ ਹੋਰ ਵੀ ਜ਼ਹਿਰੀਲੇ ਕਰਨ ਰਾਹੀਂ ਦੇਸ਼ ਦੇ ਅੰਦਰ ਮਹਾਂਮਾਰੀਆਂ ਦਾ ਸਾਧਨ ਬਣੇਗੀ। ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਅੰਡਾਨੀਆ ਅੰਬਾਨੀਆ ਤੇ ਸਾਮਰਾਜੀ ਗਿਰਝਾਂ ਦੇ ਮੋਟੇ ਮੁਨਾਫਿਆਂ ਦੀ ਗਰੰਟੀ ਖਾਤਰ ਖੇਤੀ,ਸਨਅਤ , ਬਿਜਲੀ, ਪਾਣੀ, ਜੰਗਲ ਤੇ ਖਣਿਜ ਪਦਾਰਥਾਂ ਸਮੇਤ ਦੇਸ਼ ਦੇ ਸਭ ਅਮੀਰ ਕੁਦਰਤੀ ਸ੍ਰੋਤ ਉਹਨਾਂ ਹਵਾਲੇ ਕਰਕੇ ਦੇਸ਼ ਦੇ ਸਮੂਹ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੇ ਇਹਨਾਂ ਕਾਨੂੰਨਾਂ ਸਦਕਾ ਦੁਕਾਨਦਾਰਾਂ, ਵਪਾਰੀਆਂ,ਛੋਟੇ ਕਾਰੋਬਾਰੀਆਂ, ਆੜਤੀਆਂ ਤੇ ਮੁਲਾਜ਼ਮਾਂ ਦੇ ਉੱਪਰ ਪੈਣ ਵਾਲੇ ਮਾਰੂ ਅਸਰਾਂ ਦੀ ਬਦੌਲਤ ਹੀ ਅੱਜ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨ ਘੋਲ਼ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ।ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੋਂ ਇਲਾਵਾ ਸ਼ਹਿਰੀ ਜਨਤਾਂ ਵੱਲੋਂ ਬਦੀ ਦੀ ਹੰਕਾਰੀ ਤਿੱਕੜੀ ਕਾਰਪੋਰੇਟਾ, ਵਿਦੇਸ਼ੀ ਕੰਪਨੀਆਂ ਤੇ ਭਾਜਪਾ ਸਰਕਾਰ ਦੇ ਪੁਤਲੇ ਫੂਕ ਕੇ ਵਿਖਾਈ ਵਿਸ਼ਾਲ ਏਕਤਾ ਆਖਰ ਹੰਕਾਰੀ ਮੋਦੀ ਹਕੂਮਤ ਨੂੰ ਗੋਡਣੀਏ ਕਰਕੇ ਹੀ ਦਮ ਲਵੇਗੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਤੇ ਦੇਸ਼ ਦੇ ਵਿਕਾਸ ਨਾਂ ਹੇਠ ਕਿਸਾਨਾਂ ਤੇ ਦੇਸ਼ ਦਾ ਵਿਨਾਸ਼ ਕਰ ਕਰ ਰਹੀ ਹੈ। ਉਹਨਾਂ ਕਿਸਾਨਾਂ ਮਜ਼ਦੂਰਾਂ ਤੇ ਦੇਸ਼ ਦੇ ਹਕੀਕੀ ਵਿਕਾਸ ਲਈ ਤਿੰਨੇ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਕੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ, ਫਸਲਾਂ ਦੀ ਸਵਾਮੀਨਾਥਨ ਫਾਰਮੂਲੇ ਤਹਿਤ ਸਰਕਾਰੀ ਖਰੀਦ ਦੀ ਗਰੰਟੀ ਕਰਨ, ਖੇਤੀ ਜਿਣਸਾਂ ਦੇ ਵਪਾਰ ਚ ਬਹੁਕੌਮੀ ਕੰਪਨੀਆਂ ਨੂੰ ਦਿੱਤੀ ਖੁੱਲ੍ਹ ਰੱਦ ਕਰਨ ਅਤੇ ਪ੍ਰਚੂਨ ਖੇਤਰ ਚ ਧੜਵੈਲ ਕੰਪਨੀਆਂ ਦਾ ਦਾਖਲਾ ਬੰਦ ਕਰਨ ਵਰਗੇ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਚੱਕਾ ਜਾਮ ਦੀ ਸਫਲਤਾ ਚ ਬੀਕੇਯੂ ਏਕਤਾ ਉਗਰਾਹਾਂ ਆਪਣੇ ਅਜ਼ਾਦ ਐਕਸ਼ਨ ਰਾਹੀਂ ਪੰਜਾਬ ਚ ਵੱਡਮੁੱਲਾ ਯੋਗਦਾਨ ਪਾਵੇਗੀ ਅਤੇ ਅਗਲੇ ਦੇਸ਼ ਵਿਆਪੀ ਐਕਸ਼ਨ ਦੀ ਰੂਪ-ਰੇਖਾ ਉਲੀਕਣ ਮੁਲਕ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ 27 ਅਕਤੂਬਰ ਨੂੰ ਦਿੱਲੀ ਚ ਕੀਤੀ ਜਾ ਰਹੀ ਮੀਟਿੰਗ ਦੌਰਾਨ ਉਨ੍ਹਾਂ ਦੀ ਜਥੇਬੰਦੀ ਦਰਸ਼ਕ ਵਜੋਂ ਸ਼ਮੂਲੀਅਤ ਕਰੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਜਾਨ ਹੂਲਵੇ ਘੋਲ਼ ਦੇ ਨਾਲ ਨਾਲ ਉਹਨਾਂ ਵੱਲੋਂ ਪ੍ਰਾਈਵੇਟ ਥਰਮਲਾ ਨਾਲ਼ ਕੀਤੇ ਸਮਝੌਤੇ ਰੱਦ ਕਰਾਉਣ ਤੇ ਸਰਕਾਰੀ ਥਰਮਲ ਚਲਾਉਣ ਖਾਤਰ ਕੈਪਟਨ ਸਰਕਾਰ ਤੇ ਦਬਾਅ ਪਾਉਣ ਲਈ ਬਣਾਂਵਾਲੀ ਤੇ ਰਾਜਪੁਰਾ ਥਰਮਲਾ ਦੀਆਂ ਲਾਈਨਾਂ ਤੇ ਦਿੱਤੇ ਧਰਨੇ ਅਣ ਮਿਥੇ ਸਮੇਂ ਤੱਕ ਜਾਰੀ ਰਹਿਣਗੇ। ਰਾਜ ਭਰ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਨੂੰ ਹੋਰਨਾਂ ਤੋਂ ਇਲਾਵਾ ਜੋਰਾ ਸਿੰਘ ਨਸਰਾਲੀ,ਅਸ਼ਵਨੀ ਘੁੱਦਾ,ਵਰਿੰਦਰ ਸਿੰਘ ਮੋਮੀ,ਹੁਸ਼ਿਆਰ ਸਿੰਘ ਸਲੇਮਗੜ੍ਹ, ਡਾ.ਮਨਜਿੰਦਰ ਸਰਾਂ, ਪਰਮਜੀਤ ਕੌਰ ਪਿੱਥੋ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕਰ ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਠੇਕਾ ਮੁਲਾਜ਼ਮਾਂ, ਡੀ.ਟੀ.ਐਫ,ਟੀ.ਐਸ.ਯੂ. ਵਪਾਰ ਮੰਡਲ, ਆੜਤੀਆਂ ਐਸੋਸੀਏਸ਼ਨ, ਕਰਿਆਣਾ ਮਰਚੈਂਟਸ ਐਸੋਸੀਏਸ਼ਨ,ਪੀ.ਐਸ. ਯੂ.( ਸ਼ਹੀਦ ਰੰਧਾਵਾ)ਨੌਜਵਾਨ ਭਾਰਤ ਸਭਾ, ਜਮਾਤੇ ਇਸਲਾਮੀ,ਸਮੇਤ ਦਰਜਨਾਂ ਜਨਤਕ ਜਥੇਬੰਦੀਆਂ ਤੋਂ ਇਲਾਵਾ ਰੰਗਕਰਮੀਆਂ, ਸਾਹਿਤਕਾਰਾਂ ਤੇ ਕਲਾਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
*ਕਲਾਕਾਰਾਂ ਬਣੇ ਸੰਘਰਸ਼ ਦੇ ਹਰਕਾਰੇ*:
ਪੰਜਾਬ ਲੋਕ ਸਭਿਆਚਾਰਕ ਮੰਚ ਤੇ ਹੋਰਨਾਂ ਲੋਕ ਪੱਖੀ ਨਾਟ, ਸੰਗੀਤ ਮੰਡਲੀਆਂ ਨੇ ਰਾਜ ਭਰ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਵਿੱਚ ਨਾਟਕਾਂ, ਗੀਤਾਂ ਤੇ ਐਕਸ਼ਨ ਗੀਤਾਂ ਨਾਲ ਹਾਜ਼ਰੀ ਭਰ ਕੇ ਕਲਾ ਤੇ ਕਿਰਤ ਦੇ ਰਿਸ਼ਤੇ ਨੂੰ ਉਚਿਆਇਆ। ਕਲਾਕਾਰਾਂ ਨੇ ਪ੍ਰਦਰਸ਼ਨਾਂ ਵਿੱਚ ਆਪਣੀ ਕਲਾ ਨਾਲ ਸ਼ਾਮਲ ਹਜ਼ਾਰਾਂ ਲੋਕਾਂ ਵਿੱਚ ਨਵਾਂ ਜੋਸ਼ ਭਰਿਆ।ਪੰਜਾਬ ਦੇ ਕਿਸਾਨੀ ਘੋਲ ਵਿੱਚ ਕਲਾ ਦਾ ਇਹ ਰੋਲ ਕਲਾ ਜ਼ਿੰਦਗੀ ਲਈ ਦੇ ਉਦੇਸ਼ ਦੀ ਸ਼ਾਹਦੀ ਭਰਦਾ ਸੀ।