ਮੁਸ਼ਕਿਲਾਂ ਦੇ ਪੱਕੇ ਹੱਲ ਲਈ ਕਿਸਾਨ ਸਮਾਜਿਕ ਸਾਂਝ ਨੂੰ ਰਾਜਨੀਤਿਕ ਸਾਂਝ ਵਿਚ ਬਦਲਣ ਲਈ ਯੋਜਨਾ ਬਣਾਉਣ – ਜਸਵੀਰ ਸਿੰਘ ਗੜ੍ਹੀ
ਚੰਡੀਗੜ 25 ਅਕਤੂਬਰ ( ਵਿਸ਼ਵ ਵਾਰਤਾ)-ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਸਾਨਾਂ ਦੇ ਧਰਨੇ ਨੂੰ ਬਹਿਰਾਮ ਟੋਲ ਪਲਾਜ਼ਾ ਵਿਖੇ ਸੰਬੋਧਨ ਕਰਦਿਆ ਕਿਹਾ ਕਿ ਭਾਜਪਾ ਪੰਜਾਬ ਵਿਚ ਖੂਨੀ ਖੇਡ ਖੇਡਣ ਦੀ ਸਤਰੰਜੀ ਚਾਲ ਚੱਲ ਰਹੀ ਹੈ ਜਿਸ ਵਿਚ ਮੋਹਰੇ ਦਲਿਤ ਅਤੇ ਕਿਸਾਨ ਨੂੰ ਬਣਾਇਆ ਜਾ ਰਿਹਾ ਹੈ। ਭਾਜਪਾ ਕਦੀ ਮੰਡੀ ਦੇ ਆੜਤੀਏ ਨੂੰ ਕਿਸਾਨਾਂ ਦਾ ਏਟੀਐਮ ਕਹਿੰਦੀ ਸੀ ਅੱਜ ਸੱਤਾ ਵਿਚ ਆਕੇ ਦਲਾਲ ਕਹਿ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਤੇ ਪਿੱਛੇ ਨਾ ਹੱਟਣ ਦਾ ਬਿਆਨ ਦੇਣਾ ਹਿਟਲਰਸਾਹੀ ਦਾ ਨਮੂਨਾ ਹੈ। ਪੰਜਾਬ ਦੇ ਦਲਿਤਾਂ ਦੇ ਨਾਮ ਤੇ ਕਿਸਾਨ ਵਰਗ ਦਾ ਮੁੱਦਾ ਆਪਸ ਵਿੱਚ ਉਲਝਾਉਣਾ ਭਾਜਪਾ ਦੀ ਚਾਲ ਹੈ ਤਾਂਕਿ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ।
ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਬੋਲਦਿਆ ਸਰਦਾਰ ਗੜੀ ਨੇ ਕਿਹਾ ਕਿ ਉਹ ਖੁਦ ਦਲਿਤ ਮਜਦੂਰ ਦੇ ਪੁੱਤ ਹਨ ਭਾਜਪਾ ਦੀ ਕਿਸਾਨ ਦਲਿਤ ਮਜਦੂਰ ਦੀ ਆਪਸੀ ਸਾਂਝ ਨੂੰ ਤੋੜਨ ਦੀ ਭਾਜਪਾ ਦੀ ਸਾਜਿਸ਼ ਉਹ ਪੰਜਾਬ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ, ਪ੍ਰੰਤੂ ਕਿਸਾਨ ਵਰਗ ਨੂੰ ਵੀ ਹੁਣ ਬੁੱਧੀਜੀਵੀਆਂ ਵਾਂਗ ਕੰਮ ਲੈਣਾ ਪਏਗਾ। ਆਜ਼ਾਦੀ ਦੇ 73 ਸਾਲਾਂ ਵਿਚ ਜੋ ਮੁਸ਼ਕਿਲਾਂ ਦੇਸ਼ ਦੇ ਹਾਕਮਾਂ ਨੇ ਕਿਸਾਨ ਵਰਗ ਅੱਗੇ ਖੜ੍ਹੀਆਂ ਕੀਤੀਆਂ ਹਨ ਉਹਨਾਂ ਦੇ ਪੱਕੇ ਹੱਲ ਲਈ ਅੱਜ ਸਮਾਂ ਆ ਚੁੱਕਾ ਹੈ ਕਿ ਕਿਸਾਨ ਦਲਿਤ ਮਜਦੂਰ ਦੀ ਸਮਾਜਿਕ ਸਾਂਝ ਨੂੰ ਰਾਜਨੀਤਿਕ ਸਾਂਝ ਵਿਚ ਬਦਲ ਕੇ ਮੁਸ਼ਕਿਲਾਂ ਦਾ ਪੱਕਾ ਹੱਲ ਕੀਤਾ ਜਾਵੇ। ਇਸ ਮੌਕੇ ਸੂਬਾ ਸਕੱਤਰ ਡਾ ਸੁਖਬੀਰ ਸਿੰਘ ਸਲਾਰਪੁਰੀ, ਪਰਵੀਨ ਬੰਗਾ, ਨੀਲਮ ਸਹਿਜਲ, ਜੈ ਪਾਲ ਸੁੰਡਾ, ਸੋਮ ਲਾਲ, ਸਰਪੰਚ ਅਸ਼ੋਕ ਕੁਮਾਰ, ਐਡਵੋਕੇਟ ਮਹਿੰਦਰ ਪਾਲ, ਪਰਮਿੰਦਰ ਬੋਧ, ਮਨੋਹਰ ਬਹਿਰਾਮ, ਬਿਸ਼ਨ ਪਾਲ ਸੰਧੂ, ਮੱਖਣ ਸਿੰਘ ਗੜ੍ਹੀ, ਸਤੀਸ਼ ਮਹਿਰਾ, ਜੀਵਨ ਸਿੰਘ, ਕੁਲਦੀਪ ਬਹਿਰਾਮ, ਡਾ ਬਿਸ਼ੰਬਰ, ਧਰਮਪਾਲ ਤਲਵੰਡੀ, ਹਰਬਿਲਾਸ ਬਸਰਾ, ਮੋਹਿੰਦਰਪਾਲ ਬੈਂਸ, ਡਾ ਊਧਵ ਕਟਾਰੀਆ, ਭੁਪਿੰਦਰ ਸਿੰਘ ਝਿੰਗੜ, ਹਰਮਨਜੀਤ, ਗੁਰਦਿਆਲ ਬਹਿਰਾਮ, ਜੋਰਾਵਰ ਸੰਧੀ, ਬਲਵਿੰਦਰ ਸਰਹਾਲ, ਕਸ਼ਮੀਰ ਸਰਹਾਲ, ਆਦਿ ਹਾਜ਼ਿਰ ਸਨ।