‘ਆਪ’ ਦੀਆਂ ਮਹਿਲਾ ਵਿਧਾਇਕਾਂ ਨੇ ਕਿਹਾ, ਸ਼ਰਮਨਾਕ ਹੈ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਦੀ ਟਿੱਪਣੀ
ਚੰਡੀਗੜ 25 ਅਕਤੂਬਰ ਟਾਂਡਾ (ਹੁਸ਼ਿਆਰਪੁਰ) ਦੇ ਪਿੰਡ ਜਲਾਲਪੁਰ ‘ਚ ਇੱਕ ਬੇਹੱਦ ਗ਼ਰੀਬ ਪਰਿਵਾਰ ਦੀ 6 ਸਾਲਾ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਨੂੰ ਸਰਕਾਰ ਅਤੇ ਸਮਾਜ ਦੇ ਮੱਥੇ ‘ਤੇ ਕਲੰਕ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੀਆਂ ਮਹਿਲਾਂ ਵਿਧਾਇਕਾਵਾਂ ਨੇ ਕਿਹਾ ਕਿ ਜੰਗਲ ਰਾਜ ਕਾਰਨ ਅਪਰਾਧੀ ਮਾਨਸਿਕਤਾ ਵਾਲੇ ਮਾੜੇ ਅਨਸਰਾਂ ਦੇ ਮਨ ‘ਚ ਕਾਨੂੰਨ ਵਿਵਸਥਾ ਦਾ ਕੋਈ ਡਰ ਭੈਅ ਨਹੀਂ। ਅਜਿਹੀ ਸਥਿਤੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਪੂਰੀ ਤਰਾਂ ਜ਼ਿੰਮੇਵਾਰ ਹਨ, ਜਿੰਨਾ ਨੇ ਨਾ ਕਾਬਲੀਅਤ ਹੋਣ ਦੇ ਬਾਵਜੂਦ ਗ੍ਰਹਿ ਮੰਤਰਾਲਾ ਵੀ ਖ਼ੁਦ ਹੀ ਕਬਜਾਇਆ ਹੋਇਆ ਹੈ। ਪਾਰਟੀ ਹੈਡਕੁਆਰਟਰ ਤੋਂ ਇਸ ਦੇ ਨਾਲ ਹੀ ‘ਆਪ’ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਟਾਂਡਾ ਦੀ ਇਸ ਦਿਲ ਦਹਿਲਾਊ ਘਟਨਾ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਦੇ ਹਵਾਲੇ ਨਾਲ ਕੀਤੀ ‘ਪਿਕਨਿਕ’ ਟਿੱਪਣੀ ਨੂੰ ਬੇਹੱਦ ਸ਼ਰਮਨਾਕ ਦੱਸਿਆ।
ਪਾਰਟੀ ਹੈਡਕੁਆਰਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ। ਪੁਲਿਸ ਪ੍ਰਸ਼ਾਸਨ ਦੇ ਕੰਮਾਂ ਚ ਸੱਤਾਧਾਰੀਆਂ ਦੀ ਲੋੜੋਂ ਵੱਧ ਦਖ਼ਲ ਅੰਦਾਜ਼ੀ ਅਤੇ ਬੇਕਾਬੂ ਭਿ੍ਰਸ਼ਟਾਚਾਰ ਨੇ ਸਭ ਕੁੱਝ ਤਹਿਸ ਨਹਿਸ ਕਰ ਛੱਡਿਆ ਹੈ। ਹਰ ਪਾਸੇ ਸਹਿਮ ਦਾ ਮਾਹੌਲ ਹੈ। ਸਿਰਫ਼ ਸਮਾਜ ਵਿਰੋਧੀ ਤੱਤਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ, ਪ੍ਰੰਤੂ ਸਿਸਵਾਂ ਸਥਿਤ ਸ਼ਾਹੀ ਫਾਰਮ ਹਾਊਸ ‘ਚ ਮਸਤ ਮਹਾਰਾਜੇ ਨੂੰ ਨਾਂ ਕਿਸੇ ਮਾਸੂਮ ਬੱਚੀਆਂ ਦੀਆਂ ਚੀਕਾਂ ਸੁਣਦੀਆਂ ਹਨ ਨਾਂ ਹੀ ਇਨਸਾਫ਼ ਲਈ ਕੁਰਲਾਉਂਦੇ ਮਾਪਿਆਂ ਦੀਆਂ ਗੁਹਾਰਾਂ-ਫਰਿਆਦਾਂ ਸੁਣਾਈ ਦਿੰਦੀਆਂ ਹਨ।
ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਬਾਦਲਾਂ ਦੇ ਰਾਜ ਵਾਂਗ ਅਮਰਿੰਦਰ ਸਰਕਾਰ ਦੇ ਕਾਰਜਕਾਲ ਦੌਰਾਨ ਅਪਰਾਧੀ ਘਟਨਾਵਾਂ ਘਟਣ ਦੀ ਥਾਂ ਵੱਧ ਰਹੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਸਾਲ 2018-19 ਦੌਰਾਨ ਪੰਜਾਬ ਚ ਬਲਾਤਕਾਰ ਦੇ 5058 ਕੇਸ ਦਰਜ਼ ਹੋਏ ਪ੍ਰੰਤੂ ਇਨਸਾਫ਼ ਕੇਵਲ 30 ਪ੍ਰਤੀਸ਼ਤ ਪੀੜਤਾਂ ਨੂੰ ਮਿਲਿਆ, ਬਾਕੀ 70 ਪ੍ਰਤੀਸ਼ਤ ਪੀੜਤਾਂ ਇਨਸਾਫ਼ ਲਈ ਦਰ ਦਰ ਭਟਕ ਰਹੀਆਂ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਟਾਂਡਾ ਦੀ ਇਸ ਘਟਨਾ ਬਾਰੇ ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਦੇ ਹਵਾਲੇ ਨਾਲ ਕੀਤੀ ‘ਪਿਕਨਿਕ’ ਵਾਲੀ ਟਿੱਪਣੀ ਨੂੰ ਸੌੜੀ ਸਿਆਸਤ ਦਾ ਸਿਖਰ ਅਤੇ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਨਿਰਮਲਾ ਸੀਤਾਰਮਨ ਕੋਲੋਂ ਟਾਂਡਾ ਜਾਂ ਹਾਥਰਸ ਵਰਗੀਆਂ ਘਟਨਾਵਾਂ ਲਈ ਸੰਵੇਦਨਸ਼ੀਲਤਾ ਦੀ ਉਮੀਦ ਕਰਨੀ ਬਣਦੀ ਹੈ, ਪ੍ਰੰਤੂ ਕੇਂਦਰੀ ਵਿੱਤ ਮੰਤਰੀ ਨੇ ਬੇਹੱਦ ਨਿਰਾਸ਼ਾਜਨਕ ਟਿੱਪਣੀ ਕੀਤੀ ਹੈ, ਜਿਸ ਨੂੰ ਵਾਪਿਸ ਲੈ ਕੇ ਉਨਾਂ (ਸੀਤਾਰਮਨ) ਨੂੰ ਦੇਸ਼ ਭਰ ਦੀਆਂ ਮਾਵਾਂ, ਭੈਣਾਂ, ਧੀਆਂ ਅਤੇ ਮਾਸੂਮ ਬੱਚੀਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਟਾਂਡਾ ਦੀ ਘਟਨਾ ਤੇ ਹੋਛੀ ਬਿਆਨਬਾਜ਼ੀ ਕਰਕੇ ਭਾਜਪਾ ਆਪਣੀ ਹਾਥਰਸ ਵਾਲੀ ਨਾਲਾਇਕੀ ਤੇ ਪਰਦਾ ਨਹੀਂ ਪਾ ਸਕਦੀ। ਉਨਾਂ ਕਿਹਾ ਕਿ ਅਪਰਾਧੀਆਂ ਦੇ ਮਨ ‘ਚ ਕਾਨੂੰਨ ਦਾ ਡਰ ਹੁੰਦਾ ਤਾਂ ਨਾਂ ਹਾਥਰਸ ਅਤੇ ਨਾਂ ਹੀ ਟਾਂਡਾ ਵਰਗੀ ਘਟਨਾ ਘਟਦੀ।
‘ਆਪ’ ਦੀਆਂ ਮਹਿਲਾਂ ਆਗੂਆਂ ਨੇ ਮੰਗ ਕੀਤੀ ਕਿ ਹਰ ਫ਼ਰੰਟ ਤੇ ਬੁਰੀ ਤਰਾਂ ਫ਼ੇਲ ਅਮਰਿੰਦਰ ਸਿੰਘ ਨੂੰ ਤੁਰੰਤ ਮੁੱਖ ਮੰਤਰੀ ਦੀ ਗੱਦੀ ਤੋਂ ਅਸਤੀਫਾ ਦੇ ਦਣਾ ਚਾਹੀਦਾ ਹੈ।