ਸੰਬੰਧਿਤ ਅਧਿਆਪਕ ਆਪਣੀ ਸੀਨੀਆਰਤਾ ਸੰਬੰਧੀ ਇਤਰਾਜ਼ ਆਪਣੀ ਈ-ਪੰਜਾਬ ਆਈ.ਡੀ. ਤੇ 26 ਅਕਤੂਬਰ ਤੱਕ ਦਰਜ਼ ਕਰ ਸਕਦੇ ਹਨ
ਐੱਸ.ਏ.ਐੱਸ. ਨਗਰ 24 ਅਕਤੂਬਰ (ਸਤੀਸ਼ ਕੁਮਾਰ ਪੱਪੀ)-ਸਿੱਖਿਆ ਵਿਭਾਗ ਵੱਲੋਂ ਸੈਂਟਰ ਹੈੱਡ ਟੀਚਰਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵਜੋਂ ਪਦ-ਉੱਨਤ ਕਰਨ ਲਈ ਸੀਨੀਆਰਤਾ ਸੂਚੀ ਈ-ਪੰਜਾਬ ਪੋਰਟਲ ਤੇ ਅਪਲੋਡ ਕੀਤੀ ਗਈ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿੱ.) ਵੱਲੋਂ ਜਾਰੀ ਪੱਤਰ ਅਨੁਸਾਰ ਸੈਂਟਰ ਹੈੱਡ ਟੀਚਰਾਂ ਦੀ ਸੀਨੀਆਰਤਾ ਦੇ ਅਧਾਰ ਤੇ ਸਟੇਟ ਪੱਧਰ ਤੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਸ਼ਾਖਾ-5 ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 13-02-2020 ਤਹਿਤ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਗਰੁੱਪ ਬੀ ਸਰਵਿਸ ਰੂਲਜ਼ 2018 ਦੀ ਮੱਦ 2 ਅਨੁਸਾਰ ਉਕਤ ਰੂਲਾਂ ਦੇ ਰੂਲ ਨੰਬਰ 10 ਵਿੱਚ ਸ਼ਬਦ ‘ਰਿਸਪੈਕਟਿਵ ਡਿਸਟ੍ਰਿਕਟ’ ‘ ਦੀ ਥਾਂ ਤੇ ਸ਼ਬਦ ‘ਸਟੇਟ’ ਕੀਤਾ ਗਿਆ ਹੈ। ਇਸ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਅਸਾਮੀ ਤੇ ਪਦ-ਉੱਨਤੀ ਲਈ ਪ੍ਰੋਵੀਜ਼ਨਲ ਸੀਨੀਅਾਰਤਾ ਸੂਚੀ ਤਿਆਰ ਕੀਤੀ ਗਈ ਹੈ। ਇਸ ਸੀਨੀਆਰਤਾ ਸੂਚੀ ਸੰਬੰਧੀ ਇਤਰਾਜ਼ ਸੰਬੰਧਿਤ ਅਧਿਆਪਕ ਮਿਤੀ 26-10-2020 ਤੱਕ ਆਪਣੀ ਈ-ਪੰਜਾਬ ਸਟਾਫ਼ ਲਾਗਇਨ ਆਈ.ਡੀ ਤੇ ਦਰਜ਼ ਕਰਵਾਉਣਗੇ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਇਸ ਸੰਬੰਧੀ ਵਿਭਾਗ ਵੱਲੋਂ ਸਿਰਫ਼ ਈ-ਪੰਜਾਬ ਸਟਾਫ਼ ਲਾਗਇਨ ਆਈ.ਡੀ. ਤੇ ਦਰਜ਼ ਕੀਤੇ ਇਤਰਾਜ਼ ਹੀ ਵਿਚਾਰੇ ਜਾਣਗੇ।