ਮਾਨਸਾ ਵਿਖੇ ਰੇਲਵੇ ਲਾਈਨਾਂ ਉਪਰ ਲੱਗੇ ਟੈਂਟ ਨੂੰ ਹਟਾਉਂਦੇ ਕਾਮੇ
ਮਾਨਸਾ 22 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਤਿੰਨ ਵਜੇ ਤੋਂ ਬਾਅਦ ਰੇਲਵੇ ਲਾਈਨਾਂ ਤੋਂ ਆਪਣੇ ਧਰਨੇ ਹੁਣ ਰੇਲਵੇ ਸਟੇਸ਼ਨਾਂ ਤੇ ਪਲੇਟਫਾਰਮਾਂ ਉਤੇ ਤਬਦੀਲ ਕਰ ਲਏ ਹਨ ਤਾਂ ਜੋ ਮਾਲ ਗੱਡੀਆਂ ਲੰਘ ਸਕਣ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਰੇਲਵੇ ਲਾਈਨਾਂ ਉਪਰ ਲੱਗੇ ਸਾਰੇ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ। ਕਿਸਾਨ ਜਥੇਬੰਦੀਆਂ ਨੇ ਖਾਦ, ਬਾਰਦਾਨੇ ਦੀ ਕਮੀ, ਅਤੇ ਤਾਪਘਰਾਂ ਲਈ ਕੋਇਲੇ ਦੀ ਸਪਲਾਈ ਵਿੱਚ ਆਈ ਖੜੌਤ ਨੂੰ ਲੈਕੇ ਇਹਨਾਂ ਮਾਲ ਗੱਡੀਆਂ ਨੂੰ ਚਲਾਉਣ ਲਈ ਕਲ੍ਹ ਕੀਤੀ ਇੱਕ ਮੀਟਿੰਗ ਤੋਂ ਬਾਅਦ ਕਹਿ ਦਿੱਤਾ ਗਿਆ ਸੀ। ਅੱਜ ਮਾਲ ਗੱਡੀਆਂ ਨੂੰ ਲੰਘਣ ਦਾ ਐਲਾਨ ਮਾਨਸਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਵਲੋਂ ਕੀਤਾ ਗਿਆ ।ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।
ਜਥੇਬੰਦੀ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਅੱਜ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਸਪਲਾਈ ਵਾਸਤੇ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਲੀ ਸਮੀਖਿਆ ਵਾਸਤੇ 4 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ ਮੀਟਿੰਗ ਹੋਵੇਗੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਵਲੋਂ ਇਸ ਸੰਘਰਸ਼ ਵਿਚ, ਜੋ ਯੋਗਦਾਨ ਪਾਇਆ ਹੈ,ਉਸ ਦੇ ਨਤੀਜੇ ਵਜੋਂ ਹੀ ਛੇਤੀ ਕੇਂਦਰ ਦੀ ਮੋਦੀ ਸਰਕਾਰ ਉਪਰ ਅੰਨਦਾਤਾ ਦੀ ਸੰਘਰਸ਼ੀ ਜਿੱਤ ਹੋਵੇਗੀ।

























