ਇਹ ਵੇਲਾ ਕਿਸਾਨਾਂ ਦੇ ਹੱਕ ’ਚ ਡਟੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖਲੋਣ ਦਾ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ 21 ਅਕਤੂਬਰ ( ਵਿਸ਼ਵ ਵਾਰਤਾ)-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ ਹਮਦਰਦ ਜਥੇਬੰਦੀ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਵੀ ਹਨ, ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਅਤੇ ਸਿੱਖਾਂ ਦੇ ਹੱਕਾਂ ਲਈ ਖੜੇ ਹਨ ਅੱਜ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਵਿਧਾਨ ਵਿੱਚ ਮਤੇ ਪਾਸ ਕੀਤੇ ਹਨ ਅਤੇ ਕੇਂਦਰੀ ਸਰਕਾਰ ਦੇ ਬਣਾਏ ਹੋਏ ਬਿਲ ਰੱਦ ਕਰਕੇ ਸੱਚਾ ਪੰਜਾਬ ਦਾ ਸਪੂਤ ਹੋਣ ਦਾ ਸਬੂਤ ਦਿੱਤਾ ਹੈ। ਸਾਨੂੰ ਮਾਣ ਹੈ ਕੈਪਟਨ ਸਾਹਿਬ ਨੇ 1984 ਵਿੱਚ ਆਪਣੀ ਪਾਰਟੀ ਕਾਂਗਰਸ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ 1986 ਵਿੱਚ ਪੰਜਾਬ ਦੀ ਬਰਨਾਲਾ ਸਰਕਾਰ ਦੇ ਬਲੈਕ ਥੰਡਰ ਦੇ ਵਿਰੋਧ ਵਿੱਚ ਮੰਤਰੀ ਦਾ ਅਹੁਦਾ ਤਿਆਗ ਦਿੱਤਾ ਸੀ। ਅੰਤ 2004 ਵਿੱਚ ਪਾਣੀ ਦੀ ਰਾਖੀ ਲਈ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾਸ ਕਰਾ ਦਿੱਤਾ ਸੀ। ਇਸ ਵਾਰ ਵੀ ਡਟੇ ਹੋਏ ਹਨ, ਹਰ ਸਮੇਂ ਕਿਸਾਨੀ ਦੇ ਹੱਕ ਚ ਹੀ ਖੜਦੇ ਹਨ। ਵਿਰੋਧੀਆਂ ਦਾ ਕੰਮ ਹੁੰਦਾ ਹੈ – ਆਮ ਲੋਕਾਂ ਨੂੰ ਵਰਗਲਾਉਣਾ ਜੋ ਭਾਜਪਾ ਦੇ ਰੰਗ ਗਿਰਗਟ ਦੇ ਰੰਗ ਬਦਲਣ ਵਾਂਗ ਹੈ। ਕਿਸਾਨਾਂ ਨੇ ਜਦੋਂ ਪੰਜਾਬ ਅੰਦਰ ਚੱਕਾ ਜਾਮ ਕਰਨ ਦਾ ਐਲਾਨ ਕੀਤਾ, ਤਾਂ ਵੀ ਸਹਿਯੋਗ ਦਿੱਤਾ। ਜਦੋਂ ਕਿ ਸਚਾਈ ਇਹ ਹੈ ਕਿ ਖੇਤੀ ਬਿਲਾਂ ਦੇ ਪਾਸ ਕਰਨ ਕਾਰਣ ਪੰਜਾਬੀ ਕਿਸਾਨ ਅਤੇ ਸਿੱਖ ਭਾਜਪਾ ਨੂੰ ਨਫ਼ਰਤ ਕਰਨ ਲੱਗ ਪਿਆ ਹੈ ਕਿਉਂਕਿ ਪਿਛਲੇ 1996 ਤੋਂ ਲੈ ਕੇ ਭਾਜਪਾ ਵਾਲਿਆਂ ਨੇ ਪੰਜਾਬ ਅਤੇ ਸਿੱਖ ਕੌਮ ਦਾ ਕੋਈ ਭਲਾ ਨਹੀਂ ਕੀਤਾ ਸਿਰਫ ਆਪਣਾ ਵਪਾਰ ਹੀ ਵਧਾਇਆ। ਇਸ ਲਈ ਪੰਜਾਬ ਦਾ ਕਿਸਾਨ ਭਾਈਚਾਰਾ ਅਤੇ ਸਿੱਖ ਭਾਈਚਾਰੇ ਨੂੰ ਲੋੜ ਹੈ ਕਿ ਹਰ ਪੰਜਾਬੀ ਆਪਣੇ ਨਿਧੜਕ ਨੇਤਾ ਕੈਪਟਨ ਅਮਰਿੰਦਰ ਸਿੰਘ ਨਾਲ ਡੱਟ ਕੇ ਖੜਾ ਹੋਵੇ ਤੇ ਕੇਂਦਰ ਦੇ ਇਨ੍ਹਾਂ ਆੱਰਡੀਨੈਂਸਾਂ ਦਾ ਵਿਰੋਧ ਕਰੇ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਪਿੱਠ ‘ਤੇ ਹੈ ਨਾ ਹੀ MSP ਬੰਦ ਹੋਣ ਦਿਆਂਗੇ ਤੇ ਨਾ ਹੀ ਖੇਤੀ ਆਰਡੀਨੈਂਸ ਲਾਗੂ ਹੋਣ ਦਿਆਂਗੇ ਅੱਜ ਆਪਣਾ ਵਾਅਦਾ ਸੱਚ ਕਰਕੇ ਦਿਖਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਕਾਨੂੰਨੀ ਲੜਾਈ ਵੀ ਲੜਨ ਦਾ ਐਲਾਨ ਕਰ ਚੁੱਕੇ ਹਨ। ਲੋੜ ਪੈਣ ‘ਤੇ ਮੁੱਖ ਮੰਤਰੀ ਦਾ ਅਹੁਦਾ ਤਿਆਗਣ ਦਾ ਵੀ ਐਲਾਨ ਕੀਤਾ ਹੈ ਜੋ ਬਹੁਤ ਵੱਡਾ ਫੈਸਲਾ ਹੈ ਅਤੇ ਸਲਾਹੁਣਯੋਗ ਹੈ।