ਠੇਕੇ ਲੁੱਟਣ ਆਲਾ ਗਿਰੋਹ ਜੈਤੋ ਪੁਲਿਸ ਨੇ ਕੀਤਾ ਗਿਰਫਤਾਰ
ਸੀ.ਆਈ.ਏ. ਸਟਾਫ ਜੈਤੋ ਹੱਥ ਲੱਗੀ ਵੱਡੀ ਕਾਮਯਾਬੀ
ਜੈਤੋ, 21 ਅਕਤੂਬਰ (ਰਘੂਨਦੰਨ ਪਰਾਸ਼ਰ )ਸੀ.ਆਈ.ਏ. ਸਟਾਫ ਜੈਤੋ ਅਤੇ ਜੈਤੋ ਤੇ ਬਾਜਾਖਾਨਾ ਥਾਣਿਆਂ ਦੀ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਕੇ ਸ਼ਰਾਬ ਲੁੱਟਣ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਸੇਵਾ ਸਿੰਘ ਮੱਲੀ ਨੇ ਦੱਸਿਆ ਕਿ ਸੀ.ਆਈ.ਏ.ਸਟਾਫ ਜੈਤੋ ਦੇ ਇੰਚਾਰਜ ਕੁਲਬੀਰ ਚੰਦ ਸ਼ਰਮਾ, ਥਾਣਾ ਜੈਤੋ ਦੇ ਮੁੱਖੀ ਬਿਕਰਮਜੀਤ ਸਿੰਘ ਤੇ ਚੌਂਕੀ ਇੰਚਾਰਜ ਬਰਗਾੜੀ ਹਰਪ੍ਰੇਮ ਸਿੰਘ ਨੇ ਥਾਣਾ ਬਾਜਾਖਾਨਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਰੋਡ ਤੇ ਨਾਕਾ ਲਗਾਇਆ ਹੋਇਆ ਸੀ।ਜਦ ਨਾਕੇ ਤੇ ਇਨੋਵਾ ਗੱਡੀ ਨੰਬਰ ਪੀਬੀ-04ਵੀ-4730 ਨੂੰ ਰੋਕਿਆ ਗਿਆ ਤਾਂ ਗੱਡੀ ‘ਚ ਸਵਾਰ ਦੀਪਕ ਸਿੰਘ ਪੁੱਤਰ ਤਿਰੋਲਕ ਸਿੰਘ, ਕੁਲਦੀਪ ਸਿੰਘ ਉਰਫ਼ ਮਹਾਜਨ ਪੁੱਤਰ ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਸਾਰੇ ਵਾਸੀ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਿਛਲੇ ਸਮੇਂ ਦੌਰਾਨ ਸ਼ਰਾਬ ਦੇ ਠੇਕਿਆਂ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਲੁੱਟਣ ਦੀਆਂ ਵਾਰਦਾਤਾਂ ਦੀ ਗੱਲ ਕਬੂਲੀ। ਉਕਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕਰਕੇ ਤਫਤੀਸ ਦੌਰਾਨ ਹੋਰ ਵਾਰਦਾਤਾਂ ਸੰਬੰਧੀ ਪੁੱਛ ਪੜਤਾਲ ਕੀਤੀ ਜਾਵੇਗੀ।ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ.ਡੀ. ਜਸਤਿੰਦਰ ਸਿੰਘ ਧਾਲੀਵਾਲ, ਸੀ.ਆਈ.ਏ. ਇੰਚਾਰਜ ਜੈਤੋ ਕੁਲਬੀਰ ਚੰਦ ਸ਼ਰਮਾ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਦਲਬੀਰ ਸਿੰਘ, ਸਬ ਇੰਸਪੈਕਟਰ ਗੁਰਲਾਲ ਸਿੰਘ ਤੇ ਸਹਾਇਕ ਥਾਣੇਦਾਰ ਦਰਸਨ ਸਿੰਘ ਹਾਜ਼ਰ ਸਨ।