ਧਰਨੇ ਦੌਰਾਨ ਮਾਰੇ ਗਏ ਕਿਸਾਨ ਜੁਗਰਾਜ ਸਿੰਘ ਦੀ ਮੌਤ ਸਬੰਧੀ ਜਥੇਬੰਦੀਆਂ ਦਾ ਪ੍ਰਸ਼ਾਸਨ ਨਾਲ ਸਮਝੌਤਾ
ਤਿੰਨ ਲੱਖ ਰੁਪਏ ਦਾ ਚੈਕ,ਦੋ ਲੱਖ ਦੀ ਸਿਫਾਰਸ਼, ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ
ਜਥੇਬੰਦੀਆਂ ਨੇ ਭਲਕੇ ਅੰਤਿਮ ਸਸਕਾਰ ਕਰਨ ਦਾ ਲਿਆ ਫੈਸਲਾ
ਮਾਨਸਾ, 20 ਅਕਤੂਬਰ( ਵਿਸ਼ਵ ਵਾਰਤਾ)-ਮਾਨਸਾ ਦੀਆਂ ਰੇਲਵੇ ਲਾਈਨਾਂ ‘ਤੇ ਲੱਗੇ ਧਰਨੇ ਦੌਰਾਨ ਜਿਹੜੇ ਕਿਸਾਨ ਜੁਗਰਾਜ ਸਿੰਘ (50) ਦਾ ਪਰਸੋਂ ਦੇਹਾਂਤ ਹੋ ਗਿਆ ਸੀ, ਉਸ ਦੇ ਸਸਕਾਰ ਸਬੰਧੀ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਕੱਲ ਦੇਰ ਸ਼ਾਮ ਸਮਝੌਤਾ ਹੋ ਗਿਆ ਹੈ,ਜਿਸ ਤੋਂ ਬਾਅਦ ਹੁਣ ਅੱਜ ਉਸਦਾ ਪਿੰਡ ਗੜੱਦੀ ਵਿਖੇ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਮਝੌਤਾ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਹੋਰ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਿਸਾਨ ਆਗੂਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਸਿਰੇ ਚੜ੍ਹਿਆ। ਇਸ ਤੋਂ ਪਹਿਲਾਂ ਸਾਰਾ ਦਿਨ ਦੋਹਾਂ ਧਿਰਾਂ ਵਿਚਕਾਰ ਦੋ ਵਾਰ ਗੱਲਬਾਤ ਹੋਈ ਅਤੇ ਬਿਨਾਂ ਕਿਸੇ ਨਤੀਜੇ ਤੋਂ ਟੁੱਟਦੀ ਰਹੀ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ, ਜਿੰਨਾਂ ਦੀ ਅਗਵਾਈ ਹੇਠ ਇਹ ਸਮਝੌਤਾ ਹੋਇਆ, ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮ੍ਰਿਤਕ ਕਿਸਾਨ ਜੁਗਰਾਜ ਸਿੰਘ ਦੇ ਪਰਿਵਾਰ ਨੂੰ 3 ਲੱਖ ਰੁਪਏ ਦਾ ਚੈਕ ਪ੍ਰਸ਼ਾਸਨ ਵੱਲੋਂ ਭਲਕੇ ਦਿੱਤਾ ਜਾਵੇਗਾ ਅਤੇ ਦੋ ਲੱਖ ਰੁਪਏ ਹੋਣ ਦੇਣ ਦੀ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ‘ਚੋਂ ਇੱਕ ਜੀਅ ਨੂੰ ਮਾਲ ਮਹਿਕਮੇ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਜਦੋਂ ਹੀ ਪੁਲੀਸ ਦੀ ਭਰਤੀ ਖੁੱਲ੍ਹੀ ਤਾਂ ਉਸ ਨੂੰ ਪੁਲੀਸ ਵਿਭਾਗ ਵਿੱਚ ਨੌਕਰੀ ਉਪਰ ਜੁਆਇਨ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਜੁਗਰਾਜ ਸਿੰਘ ਦੇ ਸਿਰ ਕੋਈ ਸਰਕਾਰੀ ਕਰਜ਼ਾ ਨਹੀਂ ਅਤੇ ਆੜਤੀਏ ਦਾ ਜੋ ਕਰਜ਼ਾ ਉਸ ਨੇ ਦੇਣਾ ਸੀ, ਉਸ ਨੂੰ ਭਾਈਵਾਲੀ ਤਹਿਤ ਮੁਆਫ਼ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜੁਗਰਾਜ ਸਿੰਘ ਦਾ ਭਲਕੇ ਪੋਸਟਮਾਰਟਮ ਤੋਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।