ਵਿਦਿਆਰਥੀਆਂ ਦਾ ਹੋਇਆ ਚਾਵਾਂ ਮੁਲਾਰਾਂਂ ਨਾਲ ਸਵਾਗਤ
ਮਾਨਸਾ 19 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਭਰ ਚ ਸਕੂਲ ਖੁੱਲ੍ਹਣ ਤੇ ਅੱਜ ਅਧਿਆਪਕਾਂ ਵੱਲ੍ਹੋਂ ਵਿਦਿਆਰਥੀਆਂ ਦਾ ਚਾਵਾਂ ਮੁਲਾਰਾਂਂ ਨਾਲ ਸਵਾਗਤ ਕੀਤਾ ਗਿਆ। ਸੱਤ ਮਹੀਨਿਆਂ ਦੀ ਲੰਬੀ ਉਡੀਕ ਤੋਂ ਬਾਅਦ ਸਕੂਲਾਂ ਚ ਆਏ ਵਿਦਿਆਰਥੀ ਵੀ ਬਾਗੋਬਾਗ ਸਨ,ਕਰੋਨਾ ਦੇ ਨਿਯਮਾਂ ਕਾਰਨ ਬੇਸ਼ੱਕ ਵਿਦਿਆਰਥੀ ਨਾਲੋ ਨਾਲ ਜੁੜ ਬੈਠ ਨਾ ਸਕੇ,ਪਰ ਉਨ੍ਹਾਂ ਦਾ ਉਤਸ਼ਾਹ ਕਿਸੇ ਪੱਖੋਂ ਘੱਟ ਨੀਂ ਸੀ,ਅਧਿਆਪਕ, ਵਿਦਿਆਰਥੀ ਇਸ ਪੱਖੋਂ ਖੁਸ਼ੀ ਤੇ ਤਸੱਲੀ ਮਹਿਸੂਸ ਕਰ ਰਹੇ ਸਨ ਕਿ ਹੁਣ ਹੋਲੀ ਹੋਲੀ ਸਕੂਲਾਂ ਦੀਆਂ ਪਹਿਲਾ ਵਾਲੀਆ ਰੌਣਕਾਂ ਮੁੜ ਪਰਤ ਰਹੀਆਂ ਹਨ।
ਸਿੱਖਿਆ ਵਿਭਾਗ ਦੇ ਪੁਖਤਾ ਪ੍ਰਬੰਧਾਂ ਹੇਠ ਅੱਜ ਪੰਜਾਬ ਭਰ ਦੇ ਸਕੂਲਾਂ ਵਿਚਲੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲ੍ਹੋਂ ਚਿਰਾਂ ਬਾਅਦ ਅਪਣੇ ਸਕੂਲਾਂ ਵਿੱਚ ਸ਼ਿਰਕਤ ਕੀਤੀ। ਉਹ ਬੇਸਬਰੀ ਨਾਲ ਅਪਣੇ ਅਧਿਆਪਕਾਂ ਅਤੇ ਹਾਣੀਆਂ ਨਾਲ ਮਿਲੇ। ਕੋਵਿਡ-19 ਤੋਂ ਬਚਾਅ ਸਬੰਧੀ ਸਰਕਾਰੀ ਸਕੂਲ ਮੁਖੀਆਂ ਵੱਲੋਂ ਸਫਾਈ, ਵਿਸ਼ਾਣੂ ਰਹਿਤ ਕਰਨ ਅਤੇ ਸਮਾਜਿਕ ਦੂਰੀ ਨੂੰ ਧਿਆਨ ‘ਚ ਰੱਖਣ ਸਬੰਧੀ ਪ੍ਰਕਿਰਿਆ ਸੁਚਾਰੂ ਰੂਪ ‘ਚ ਚਲਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਮਾਨਸਾ ਦੇ ਜਿਲ੍ਹਾ ਸਿੱਖਿਆ ਅਫਸਰ (ਸੈ.) ਸਰਬਜੀਤ ਸਿੰਘ ਤੂਰ ਅਨੁਸਾਰ ਕੋਵਿਡ-19 ਸਬੰਧੀ ਸਾਵਧਾਨੀਆਂ ਦੇ ਪਾਲਣ ਹਿੱਤ ਜਿਲ੍ਹੇ ‘ਚ ਪੂਰੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਖੋਲ੍ਹੇ ਗਏ।
ਵੱਖ ਵੱਖ ਪ੍ਰਿੰਸੀਪਲ/ਮੁੱਖ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਵੇਲੇ ਤਾਲਾਬੰਦੀ ਲੱਗਭੱਗ ਖੁੱਲ੍ਹ ਚੁੱਕੀ ਹੈ ਅਤੇ ਬਹੁਤ ਸਾਰੀਆਂ ਇਕੱਠਾਂ ਵਾਲੀਆਂ ਸਰਗਰਮੀਆਂ ਆਮ ਵਾਂਗ ਚੱਲ ਰਹੀਆਂ ਹਨ ਤਾਂ ਸਕੂਲ ਵੀ ਖੁੱਲ੍ਹਣੇ ਚਾਹੀਦੇ ਸਨ,ਜੋ ਪੰਜਾਬ ਸਰਕਾਰ ਦਾ ਚੰਗਾ ਫੈਸਲਾ ਹੈ। ਜਿਸ ਤਰ੍ਹਾਂ ਹੋਰਨਾਂ ਸਰਗਰਮੀਆਂ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਸਕੂਲਾਂ ‘ਚ ਵੀ ਕੋਵਿਡ ਤੋਂ ਬਚਾਅ ਲਈ ਧਿਆਨ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਕੰਡਰੀ ਜਮਾਤਾਂ ਦੇ ਜਿਆਦਾਤਰ ਵਿਦਿਆਰਥੀ ਵੀ ਘਰਾਂ ‘ਚ ਨਹੀਂ ਬੈਠੇ ਹੋਏ ਉਹ ਆਮ ਵਾਂਗ ਆਪਣੇ ਮਾਪਿਆਂ ਦੇ ਕੰਮਾਂ-ਕਾਰਾਂ ‘ਚ ਹੱਥ ਵਟਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਜੋ ਕੁਝ ਪ੍ਰਤੱਖ ਰੂਪ ‘ਚ ਆਪਣੇ ਅਧਿਆਪਕਾਂ ਨਾਲ ਰਾਬਤਾ ਬਣਾ ਕੇ ਸਿੱਖਦੇ ਹਨ, ਉਨ੍ਹਾਂ ਵਧੀਆ ਕਿਸੇ ਹੋਰ ਸਾਧਨ ਰਾਹੀਂ ਨਹੀਂ ਸਿੱਖ ਸਕਦੇ। ਇਸ ਕਰਕੇ ਸਕੂਲ ਲੱਗਣੇ ਜਰੂਰੀ ਹਨ ਪਰ ਕੋਵਿਡ-19 ਦੌਰਾਨ ਅਧਿਆਪਕਾਂ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਸਬੰਧੀ ਸਾਵਧਾਨੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਉਹ ਹਰ ਸੰਭਵ ਤੇ ਲੋੜੀਦੇ ਕਦਮ ਚੁੱਕਣਗੇ। ਇਸੇ ਤਰ੍ਹਾਂ ਵੱਖ ਵੱਖ ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਕੂਲ ਪੜ੍ਹਨ ਸਿਰਫ ਅਕਾਦਮਿਕ ਗਿਆਨ ਲਈ ਹੀ ਨਹੀਂ ਲਗਾਉਂਦੇ ਸਗੋਂ ਬੱਚੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਜ਼ਾਗਰ ਕਰਨ ਲਈ ਵੀ ਲਗਾਉਂਦੇ ਹਨ। ਜਿਸ ਲਈ ਬੱਚਿਆਂ ਦਾ ਸਕੂਲ ਜਾਣਾ ਲਾਜ਼ਮੀ ਹੈ। ਜਿਸ ਤਰ੍ਹਾਂ ਪੰਜਾਬ ‘ਚ ਕੋਵਿਡ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਕਾਫੀ ਹੱਦ ਤੱਕ ਜਨਜੀਵਨ ਆਮ ਹੋ ਗਿਆ ਹੈ। ਵੈਸੇ ਵੀ ਸੈਕੰਡਰੀ ਜਮਾਤਾਂ ਦੇ ਬੱਚੇ ਕਾਫੀ ਸਿਆਣੇ ਹੋ ਜਾਂਦੇ ਹਨ, ਇਸ ਲਈ ਸਕੂਲ ਖੋਲ੍ਹਣ ‘ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ।ਵੱਖ ਵੱਖ ਸਕੂਲ ਵਿਦਿਆਰਥੀਆ ਦਾ ਕਹਿਣਾ ਹੈ ਕਿ ਉਹ ਸਕੂਲ ਖੁੱਲ੍ਹਣ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਵੇਂ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਆਨਲਾਈਨ ਪੜ੍ਹਾਈ ਜਾਰੀ ਰੱਖੀ ਪਰ ਜੋ ਕੁਝ ਸਕੂਲ ‘ਚ ਸਿੱਖਣ ਨੂੰ ਮਿਲਦਾ ਹੈ, ਉਹ ਉਸ ਦੀ ਘਾਟ ਬਹੁਤ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵੀ ਉਘੜ-ਦੁਗੜੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾ ਦਾ ਪਾਲਣ ਕਰਕੇ ਆਪਣੇ ਅਧਿਆਪਕਾਂ ਨੂੰ ਸਹਿਯੋਗ ਦੇਣਗੇ।






















