ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਬਣੇ ਬੂਸਟਰ ਕਲੱਬ ,1250 ਵਿਦਿਆਰਥੀਆਂ ਹੋਏ ਕਲੱਬਾਂ ‘ਚ ਸ਼ਾਮਲ

Advertisement

ਮਾਨਸਾ 17 ਅਕਤੂਬਰ (ਵਿਸ਼ਵ ਵਾਰਤਾ)- ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਤੇ ਲਿਖਣ ‘ਚ ਪ੍ਰਪੱਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਾਨਸਾ ਜਿਲ੍ਹੇ ਦੇ 195 ਸਕੂਲਾਂ ‘ਚ ਬੂਸਟਰ ਕਲੱਬ ਸਥਾਪਤ ਹੋ ਗਏ ਹਨ। ਜਿਲ੍ਹਾ ਸਿੱਖਿਆ ਅਫਸਰ (ਸੈ.) ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਪ੍ਰਤੀ ਝਿਜਕ ਤੇ ਡਰ ਨੂੰ ਦੂਰ ਕਰਕੇ ਅੰਗਰੇਜ਼ੀ ਭਾਸ਼ਾ ਦੇ ਸਹੀ ਉਚਾਰਨ ਸਹਿਤ ਭਾਸ਼ਾ ਕੌਸ਼ਲਾਂ ਦਾ ਵਿਕਾਸ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਗਏ ‘ਅੰਗਰੇਜ਼ੀ ਬੂਸਟਰ ਕਲੱਬਾਂ’ ਦੀ ਸਥਾਪਨਾ ਸਦਕਾ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਪੈਦਾ ਹੋਏ ਉਤਸ਼ਾਹ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਫਰਾਟੇਦਾਰ ਅੰਗਰੇਜ਼ੀ ਬੋਲ ਸਕਣਗੇ ਅਤੇ ਅਨੇਕਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਸਰਕਾਰੀ ਸਕੂਲਾਂ ਵਿੱਚ ਪ੍ਰਗਟਾਇਆ ਵਿਸ਼ਵਾਸ ਹੋਰ ਪਕੇਰਾ ਹੋਵੇਗਾ।ਅੰਗਰੇਜ਼ੀ ਵਿਸ਼ੇ ਦੇ ਜਿਲ੍ਹਾ ਮੈਂਟਰ ਬਲਜਿੰਦਰ ਜੋੜਕੀਆਂ ਨੇ ਅਨੁਸਾਰ ਜਿਲ੍ਹੇ ਦੇ 195 ਸਰਕਾਰੀ ਸਕੂਲਾਂ ‘ਚ ਸਥਾਪਤ ਬੂਸਟਰ ਕਲੱਬਾਂ 1050 ਵਿਦਿਆਰਥੀ ਸ਼ਾਮਿਲ ਹੋ ਚੁੱਕੇ ਹਨ।ਜਿਸ ਲਈ ਸਕੂਲ ਮੁਖੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ।
ਇਸ ਸਬੰਧੀ ਪ੍ਰਿੰਸੀਪਲ ਅੰਗਰੇਜ਼ ਸਿੰਘ, ਮੁੱਖ ਅਧਿਆਪਕ ਗੁਰਦਾਸ ਸਿੰਘ ਸੇਖੋਂ ਦੋਦੜਾ,ਹਰਪ੍ਰੀਤ ਸਿੰਘ ਮੰਢਾਲੀ,ਹਰਜਿੰਦਰ ਸਿੰਘ ਬੋੜਾਵਾਲ,ਗੁਰਜੰਟ ਸਿੰਘ ਹਾਕਮਵਾਲ਼ਾ,ਮਨਦੀਪ ਸਿੰਘ ਮੱਲ ਸਿੰਘ ਵਾਲਾ ਦਾ ਕਹਿਣਾ ਹੈ ਕਿ ਭਾਵੇਂ ਵਿਭਾਗ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹਨਾਂ ਕਲੱਬਾਂ ਵਿੱਚ ਸਕੂਲ ਮੁਖੀ, ਅੰਗਰੇਜ਼ੀ ਲੈਕਚਰਾਰ, ਅੰਗਰੇਜ਼ੀ ਮਾਸਟਰ/ਮਿਸਟ੍ਰੈਸ ਦੀ ਸ਼ਮੂਲੀਅਤ ਜ਼ਰੂਰੀ ਹੋਵੇਗੀ ਅਤੇ ਬਾਕੀ ਸਕੂਲ ਅਮਲਾ ਸਵੈ-ਇਛੁੱਕ ਮੈਂਬਰ ਹੋਵੇਗਾ। ਪਰ ਇਹਨਾਂ ਕਲੱਬਾਂ ਵਿੱਚ ਆਪਣੀ ਸਵੈ-ਇੱਛਾ ਨਾਲ ਮੈਂਬਰ ਬਣਨ ਵਾਲੇ ਬਾਕੀ ਸਕੂਲ ਅਧਿਆਪਕਾਂ ਦੀ ਗਿਣਤੀ ਵਧਣਾ ਵੀ ਇਹਨਾਂ ਕਲੱਬਾਂ ਦੀ ਹਰਮਨਪਿਆਰਤਾ ਦਾ ਪ੍ਰਮਾਣ ਹੈ। ਅੰਗਰੇਜ਼ੀ ਅਧਿਆਪਕ ਆਰਤੀ, ਯੋਗਿਤਾ ਜੋਸ਼ੀ ,ਗੁਰਪ੍ਰੀਤ ਕੌਰ,ਪਰਮਿੰਦਰ ਕੌਰ,ਕਮਲਪ੍ਰੀਤ ਕੌਰ ਦਾ ਕਹਿਣਾ ਹੈ ਕਿ ਵਿਭਾਗ ਦੀ ਇਸ ਪਹਿਲਕਦਮੀ ਸਦਕਾ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਪ੍ਰਤੀ ਰੁਚੀ ਵਿਕਸਿਤ ਹੋਣ ਨਾਲ ਵਿਸ਼ੇ ਦੇ ਨਤੀਜੇ ਵੀ ਉੱਤਮ ਆਉਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਕੀਤੀ ਗਈ ਪੂਰਨ ਯੋਜਨਾਬੰਦੀ ਸਦਕਾ ਉਹ ਵਿਦਿਆਰਥੀਆਂ ਨੂੰ ਪਹਿਲਾਂ ਅੰਗਰੇਜ਼ੀ ਬੋਲਣ ਦੀ ਆਡੀਓ ਸਮੱਗਰੀ ਮੁਹੱਈਆ ਕਰਵਾ ਰਹੇ ਹਨ ਜਿਸ ਨੂੰ ਬੜੇ ਉਤਸ਼ਾਹ ਸਦਕਾ ਵਿਦਿਆਰਥੀਆਂ ਦੁਆਰਾ ਸੁਣ ਕੇ ਆਪਣਾ ਉਚਾਰਨ ਸ਼ੁੱਧ ਕੀਤਾ ਜਾ ਰਿਹਾ ਹੈ। ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਅੰਗਰੇਜ਼ੀ ਬੋਲਦਿਆਂ ਦੀ ਵੀਡੀਓ ਬਣਾਉਣ ਲਈ ਜ਼ਰੂਰੀ ਨੁਕਤੇ ਵੀ ਦੱਸ ਰਹੇ ਹਾਂ। ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਆਤਮਵਿਸ਼ਵਾਸ ਨਾਲ ਬੋਲਦੇ ਵੇਖ ਕੇ ਬਾਗੋ-ਬਾਗ ਹੋ ਰਹੇ ਹਨ। ਅੰਗਰੇਜ਼ੀ ਵਿਸ਼ੇ ਦੇ ਬਲਾਕ ਮੈਂਟਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਦੇ ਭਿੰਨ-ਭਿੰਨ ਕੌਸ਼ਲਾਂ ਦਾ ਵਿਕਾਸ ਕਰਦੇ ਹੋਏ ਅਨੇਕਾਂ ਮਾਪਿਆਂ ਦੁਆਰਾ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਸਬੰਧੀ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰਕੇ ਸਰਕਾਰੀ ਸਕੂਲਾਂ ਦੀ ਗੁਣਾਤਮਿਕ ਸਿੱਖਿਆ ਦੀ ਸਹੀ ਤਸਵੀਰ ਪੇਸ਼ ਕਰਨਗੇ।