ਥਰਮਲ ਦੀ ਜ਼ਮੀਨ ਲੈਂਡ ਮਾਫ਼ੀਆ ਨੂੰ ਲੁਟਾਉਣ ਵਿਰੁੱਧ ‘ਆਪ’ ਨੇ ਮਨਪ੍ਰੀਤ ਬਾਦਲ ਦੇ ਦਫ਼ਤਰ ‘ਤੇ ਬੋਲਿਆ ਧਾਵਾ

Advertisement

-ਲੈਂਡ ਮਾਫ਼ੀਆ ਦੀ ਪੁਸ਼ਤ ਪਨਾਹੀ ‘ਚ ਮਨਪ੍ਰੀਤ ਨੇ ਸੁਖਬੀਰ ਬਾਦਲ ਨੂੰ ਵੀ ਪਿੱਛੇ ਛੱਡਿਆ- ਪ੍ਰੋ. ਬਲਜਿੰਦਰ ਕੌਰ
-ਨੀਅਤ ਸਾਫ਼ ਹੁੰਦੀ ਤਾਂ ਸਰਕਾਰ ਪਰਾਲੀ ‘ਚ ਚਲਾਉਂਦੀ ਬਠਿੰਡਾ ਥਰਮਲ ਪਲਾਂਟ-ਰੁਪਿੰਦਰ ਕੌਰ ਰੂਬੀ

ਬਠਿੰਡਾ, 17 ਅਕਤੂਬਰ ( ਕੁਲਬੀਰ ਬੀਰਾ )-ਬਠਿੰਡਾ ਦੀ ਸਰਜਮੀਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਪਲਾਂਟ ਨੂੰ ਢਾਹ ਕੇ ਉਸ ਦੀ ਸੈਂਕੜੇ ਏਕੜ ਜ਼ਮੀਨ ਪ੍ਰਾਈਵੇਟ ਕੰਪਨੀਆਂ ਅਤੇ ਕਾਰਪੋਰੇਟ ਘਰਾਨਿਆਂ ਨੂੰ ਪ੍ਰਤੀ ਏਕੜ ਇੱਕ ਰੁਪਏ ਲੀਜ਼ ‘ਤੇ ਦੇਣ ਦੀ ਤਜਵੀਜ਼ ਵਿਰੁੱਧ ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ‘ਤੇ ਧਾਵਾ ਬੋਲਿਆ।
‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਫਾਇਰ ਬ੍ਰਿਗੇਡ ਚੌਂਕ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਕੂਚ ਕੀਤਾ, ਪਰੰਤੂ ਪੁਲਸ-ਪ੍ਰਸ਼ਾਸਨ ਨੇ ਵਿੱਤ ਮੰਤਰੀ ਦੇ ਦਫ਼ਤਰ ਤੋਂ ਪਹਿਲਾਂ ਬੈਰੀਕੇਡ ਲਗਾ ਦਿੱਤੇ ਅਤੇ ‘ਆਪ’ ਲੀਡਰਸ਼ਿਪ ਅਤੇ ਵਰਕਰਾਂ ਨੇ ਉੱਥੇ ਹੀ ਧਰਨਾ ਲਗਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
‘ਆਪ’ ਦਾ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਿਹਾ ਜਦ ਤੱਕ ਤਹਿਸੀਲਦਾਰ ਬਠਿੰਡਾ ਨੇ ‘ਆਪ’ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਮੰਗ ਪੱਤਰ ਫੜਨ ਨਹੀਂ ਪੁੱਜੇ।
ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫ਼ਾਇਦੇ ਲਈ ਮਾਲਵੇ ਦੀ ਸ਼ਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕੀਤਾ। ਹੁਣ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਵਾਅਦੇ ਦੇ ਉਲਟ ਜਾ ਕੇ ਇਸ ਵਿਰਾਸਤੀ ਪ੍ਰੋਜੈਕਟ ਨੂੰ ਢਾਹ ਢੇਰੀ ਕਰਕੇ ਇਸ ਦੀ ਲਗਭਗ 4000 ਕਰੋੜ ਦੀ ਜ਼ਮੀਨ ਮੁਫ਼ਤ ‘ਚ ਲੈਂਡ ਮਾਫ਼ੀਆ ਨੂੰ ਲੁਟਾਉਣ ਦੀ ਤਿਆਰੀ ਕਰ ਲਈ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਲ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੈਂਡ ਮਾਫ਼ੀਆ ਦੀ ਪੁਸ਼ਤ ਪਨਾਹੀ ਕਰਨ ‘ਚ ਸੁਖਬੀਰ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇਸ ਮੌਕੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਅਤੇ ਅਮਰਿੰਦਰ ਸਿੰਘ ਸਰਕਾਰ ਦੀ ਜੇਕਰ ਨੀਅਤ ਸਿੱਧੀ ਹੁੰਦੀ ਤਾਂ ਬਠਿੰਡਾ ਥਰਮਲ ਪਲਾਂਟ ਨੂੰ 2031 ਤੱਕ ਚਾਲੂ ਰੱਖਦੀ ਅਤੇ ਇਸ ਦੇ ਇੱਕ ਯੂਨਿਟ ਨੂੰ ਪਰਾਲੀ ‘ਤੇ ਚਲਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਦੀ ਵਾਧੂ ਆਮਦਨੀ ਦਿੰਦੀ ਅਤੇ ਮਾਲਵਾ ਦੇ ਕਈ ਜ਼ਿਲਿਆਂ ‘ਚ ਪਰਾਲੀ ਦੇ ਸੰਕਟ ਨੂੰ ਪੱਕੇ ਤੌਰ ‘ਤੇ ਦੂਰ ਕਰਦੀ। ਇਸ ਮੌਕੇ ਸਥਾਨਕ ਅਤੇ ਸੂਬਾ ਪੱਧਰੀ ਆਗੂਆਂ ‘ਚ ਅਨਿਲ ਠਾਕੁਰ, ਅਮਰਦੀਪ ਸਿੰਘ ਰਾਜਨ, ਐਡਵੋਕੇਟ ਗੁਰਲਾਲ ਸਿੰਘ, ਮਹਿੰਦਰ ਸਿੰਘ ਫੁਲੋਮਿਠੀ, ਬਲਜਿੰਦਰ ਕੌਰ ਤੁੰਗਵਾਲੀ, ਜਤਿੰਦਰ ਸਿੰਘ ਭੱਲਾ, ਮਾਸਟਰ ਜਗਸੀਰ ਸਿੰਘ, ਦੀਪਕ ਗੋਇਲ, ਨਛੱਤਰ ਸਿੰਘ ਮੌੜ, ਛਿੰਦਰਪਾਲ ਮੋੜ, ਵਿਕਰਮ ਲਵਲੀ, ਬਲਜੀਤ ਬੱਲੀ, ਮਾਸਟਰ ਸੁਖਦੀਪ ਸਿੰਘ, ਬਲਵਿੰਦਰ ਬੱਲੋ, ਗੁਰਮੀਤ ਸਿੰਘ ਰਾਮਗੜ੍ਹੀਆ, ਰਘਵੀਰ ਸਿੰਘ, ਰਾਮਫਲ, ਹਰਜਿੰਦਰ ਕੌਰ, ਸੰਦੀਪ ਸਿੰਘ, ਗਾਇਤਰੀ, ਬਿੱਟੂ ਸਿੰਘ, ਗੁਰਵਿੰਦਰ ਸਿੰਘ, ਡਾ. ਰਾਜਵੀਰ ਤਲਵੰਡੀ, ਗੁਰਦਾਸ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।