ਕੈਬਨਿਟ ਮੰਤਰੀ ਸੋਨੀ ਨੇ ਸਮਾਰਟ ਵਿਲੇਜ ਮੁਹਿੰਮ ਤਹਿਤ 89 ਪਿੰਡਾਂ ਵਿੱਚ ਕੀਤੀ ਵਿਕਾਸ ਕਾਰਜਾਂ ਦੀ ਸ਼ੁਰੂਆਤ

Advertisement

ਜ਼ਿਲਾ ਅੰਮ੍ਰਿਤਸਰ ਅੰਦਰ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਤਹਿਤ 165.58 ਕਰੋੜ ਰੁਪਏ ਦੀ ਲਾਗਤ ਨਾਲ 2259 ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾਣਗੇ
ਕੈਬਨਿਟ ਮੰਤਰੀ ਸੋਨੀ ਵਲੋਂ ਜ਼ਿਲਾ ਪੱਧਰੀ ਸਮਾਗਮ ਵਿੱਚ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦਾ ਆਗਾਜ਼
ਹਰੇਕ ਵਿਧਾਨਸਭਾ ਹਲਕੇ ਵਿਚ ਵਿਕਾਸ ਕਾਰਜਾਂ ਲਈ ਖਰਚੇ ਜਾਣਗੇ 25 ਕਰੋੜ ਰੁਪਏ

ਅੰਮ੍ਰਿਤਸਰ, 17 ਅਕਤੂਬਰ (ਵਿਸ਼ਵ ਵਾਰਤਾ)-ਸਮਾਰਟ ਵਿਲੇਜ ਮੁਹਿੰਮ ਤਹਿਤ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਮਕਸਦ ਨਾਲ ਸਮਾਰਟ ਵਿਲੇਜ ਕੰਪੇਨ-2 ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਰਾਹੁਲ ਗਾਂਧੀ ਮੈਂਬਰ ਲੋਕਸਭਾ ਵਲੋਂ ਵਰਚੁਐਲ ਮੀਟਿੰਗ ਰਾਹੀਂ ਕਰ ਦਿੱਤੀ ਗਈ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਪਿੰਡਾਂ ਦੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨਾ ਅਤੇ ਉਨਾਂ ਦਾ ਸੁੰਦਰੀਕਰਨ ਕਰਨਾ ਹੈ, ਜਿਸ ਤਹਿਤ ਪੂਰੇ ਪੰਜਾਬ ਵਿੱਚ 2700 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

ਖੇਤੀਬਾੜੀ ਭਵਨ ਵਿਖੇ ਵਰਚੁਐਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਪਿੰਡਾਂ ਅੰਦਰ ਸ਼ਹਿਰੀ ਤਰਜ਼ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪਿੰਡਾਂ ਅੰਦਰ ਸ਼ਹਿਰੀ ਤਰਜ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪੁਜਦੀਆਂ ਕੀਤੀਆਂ ਹਨ ਅਤੇ ਸਮਾਰਟ ਪਿੰਡ ਮੁਹਿੰਮ ਇਸੇ ਦਿਸ਼ਾ ਵੱਲ ਚੁੱਕਿਆ ਗਿਆ ਸਾਰਥਕ ਕਦਮ ਹੈ। ਉਨਾਂ ਕਿਹਾ ਕਿ ਪਿੰਡਾਂ ਅੰਦਰ ਸਰਪਬੱਖੀ ਵਿਕਾਸ ਕਾਰਜ ਜਿਵੇਂ ਸਟਰੀਟ ਅਤੇ ਡਰੇਨਜ਼, ਜਲ ਸਪਲਾਈ ਅਤੇ ਸ਼ੈਨੀਟੇਸ਼ਨ, ਆਂਗਣਵਾੜੀ ਸੈਂਟਰ,ਛੱਪੜ, ਪਾਰਕ, ਖੇਡ ਮੈਦਾਨ, ਕਮਿਊਨਿਟੀ ਸੈਂਟਰ, ਸ਼ਮਸ਼ਾਨ ਘਾਟ/ਕਬਰਿਸਤਾਨ ਆਦਿ ਦੇ ਵਿਕਾਸ ਕਾਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ  ਵਿਖੇ ਸਮਾਰਟ ਪਿੰਡ ਮੁਹਿੰਮਦਾ ਪਹਿਲਾ ਪੜਾਅ ਸਫਲਤਾਪੂਰਵਕ ਸਮਾਪਤ ਹੋਇਆ ਹੈ। 

ਸ੍ਰੀ ਸੋਨੀ ਨੇ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਵਿਚ 839 ਗ੍ਰਾਮ ਪੰਚਾਇਤਾਂ ਵਿੱਚ 165.58 ਕਰੋੜ ਰੁਪਏ ਦੀ ਲਾਗਤ ਨਾਲ 2259 ਕੰਮ ਪ੍ਰਵਾਨ ਕੀਤੇ ਗਏ ਹਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਅੱਜ 89 ਪਿੰਡਾਂ ਵਿੱਚ ਇਨਾਂ ਕੰਮਾਂ ਦੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤੇ 16.25 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਇਨਾਂ ਕੰਮਾਂ ਦੀ ਸ਼ੁਰੂਆਤ ਨਾਲ ਪਿੰਡਾਂ ਦੇ ਵਿਕਾਸ ਚ ਨਵਾਂ ਅਧਿਆਇ ਸ਼ੁਰੂ ਹੋਵੇਗਾ। ਜਿਸ ਨਾਲ ਪਿੰਡ ਵਿਚ ਬੱਚਿਆਂ ਅਤੇ ਜਵਾਨਾਂ ਦੇ ਖੇਡਣ ਲਈ ਸਟੇਡਿਅਮ, ਜਿੰਮ ਵਰਗੇ ਆਧੁਨਿਕ ਕੰਮ ਸ਼ਾਮਲ ਹਨ। ਉਨਾਂ ਕਿਹਾ ਕਿ ਇਸ ਸਕੀਮ ਨਾਲ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਪਿੰਡਾਂ ਦੇ ਲੋਕ ਪਿੰਡਾਂ ਵਿਚ ਹੀ ਰਹਿਣਾ ਜ਼ਿਆਦਾ ਪਸੰਦ ਕਰਨਗੇ। ਉਨਾਂ ਪਿੰਡਾਂ ਦੇ ਪੰਚਾਂ, ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡਾਂ ਅੰਦਰ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜਣ, ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਸੋਨੀ ਨੇ ਦੱਸਿਆ ਕਿ ਸਰਕਾਰ ਵਲੋਂ ਹਰੇਕ ਵਿਧਾਨ ਸਭਾ ਹਲਕੇ ਨੂੰ ਵਿਕਾਸ ਕਾਰਜਾਂ ਲਈ 25-25 ਕਰੋੜ ਰੁਪਏ ਵੀ ਦਿੱਤੇ ਗਏ ਹਨ। ਜਿਸ ਨਾਲ ਹਰੇਕ ਵਿਧਾਨ ਸਭਾ ਹਲਕੇ ਦੀ ਨੁਹਾਰ ਵੀ ਬਦਲ ਜਾਵੇਗੀ।

ਇਸ ਮੌਕੇ ਬੋਲਦਿਆਂ ਸ: ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਨੇ ਦੱਸਿਆ ਕਿ ਸਮਾਰਟ ਪਿੰਡ ਮੁਹਿੰਮ ਤਹਿਤ ਪਿੰਡਾਂ ਅੰਦਰ ਬੱਚਿਆਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਸੈਰ ਕਰਨ ਦੇ ਮੰਤਵ ਨਾਲ ਪਾਰਕ ਉਸਾਰੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪਿੰਡਾਂ ਅੰਦਰ ਗਲੀਆਂ ਅਤੇ ਗੰਦੇ ਪਾਣੀ ਦੇ ਨਿਕਾਸੀ ਦੇ ਹੱਲ ਦੇ ਨਾਲ ਨਾਲ ਵੱਖ ਵੱਖ ਸਹੂਲਤਾਂ ਪੁਜਦਾ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਮੁੰਹਿਮ ਤਹਿਤ ਲੋਕਾਂ ਨੂੰ ਗੰਦੇ ਪਾਣੀ, ਜੋ ਗਲੀਆਂ ਵਿਚ ਰਹਿੰਦਾ ਸੀ, ਉਸ ਤੋਂ ਵੱਡੀ ਨਿਜਾਤ ਮਿਲੇਗੀ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਥੇ ਪਿੰਡਾਂ ਅੰਦਰ ਸਰਵਪੱਖੀ ਵਿਕਾਸ ਹੋਣਗੇ ਉਸਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਹਾਸਲ ਹੋਵੇਗਾ।

ਇਸ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਐਸ.ਡੀ.ਐਮ. ਵਿਕਾਸ ਹੀਰਾ, ਮੁੱਖ ਖੇਤੀਬਾੜੀ ਅਫ਼ਸਰ ਸ: ਕੁਲਜੀਤ ਸਿੰਘ ਅਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ।