ਅਗਾਂਹਵਧੂ ਕਿਸਾਨ ਪਰਾਲੀ ਦੀਆਂ ਤਿਆਰ ਕਰਦਾ ਹੈ ਗੱਠਾਂ
ਪਰਾਲੀ ਦੀਆਂ ਗੱਠਾਂ ਵੇਚਣ ਲਈ ” ਵਾਈਸੀਡੀ ਉਦਯੋਗ ਲਿਮਟਿਡ ਲਾਲੜੂ ” ਨਾਲ ਕੀਤਾ ਐਗਰੀਮੈਂਟ
ਵਾਤਾਵਰਣ ਨੂੰ ਸਾਫ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ
ਐਸ.ਏ.ਐਸ ਨਗਰ, 17 ਅਕਤੂਬਰ (ਸਤੀਸ਼ ਕੁਮਾਰ ਪੱਪੀ)-ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਿੰਡ ਫਤਹਿਪੁਰ ਥੇੜੀ ਬਲਾਕ ਖਰੜ ਦਾ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਪਿਛਲੇ ਕਈ ਸਾਲਾਂ ਤੋਂ ਪਰਾਲੀ ਦਾ ਪ੍ਰਬੰਧਨ ਕਰਕੇ ਉਸ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਜਿਥੇ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਸਹਿਯੋਗ ਕਰ ਰਿਹਾ ਹੈ ਉਥੇ ਖੇਤੀ ਵਿੱਚ ਲਾਭ ਵੀ ਪ੍ਰਾਪਤ ਕਰ ਰਿਹਾ ਹੈ। ਕਿਸਾਨ ਆਪਣੀ 18 ਏਕੜ ਜ਼ਮੀਨ ਦੇ ਨਾਲ-ਨਾਲ 50 ਏਕੜ ਪਟੇ ਵਾਲੀ ਜ਼ਮੀਨ ਚ ਕਾਸ਼ਤ ਕਰ ਰਿਹਾ ਹੈ। ਉਹ ਸਾਉਣੀ ਦੇ ਮੌਸਮ ਵਿਚ ਮੱਕੀ, ਗੰਨੇ,ਆਲੂ,ਬਾਸਮਤੀ,ਝੋਨਾ ਅਤੇ ਹਾੜੀ ਦੇ ਸੀਜ਼ਨ ਵਿਚ ਕਣਕ,ਜੌਂ ਸਮੇਤ ਚਾਰੇ ਦੀ ਫ਼ਸਲ ਵੱਖ ਵੱਖ ਆਧੁਨਿਕ ਸੰਦਾਂ ਨਾਲ ਕਰ ਰਿਹਾ ਹੈ।
ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਇਸ ਦੀਆਂ ਗੱਠਾਂ ਤਿਆਰ ਕਰਦਾ ਹੈ I ਤਿਆਰ ਗੱਠਾਂ ਵੇਚਣ ਲਈ ਡੇਰਾਬਸੀ ਬਲਾਕ ਦੇ ਪਿੰਡ ਸਰਸੀਨੀ ਸਥਿਤ “ਵਾਈਸੀਡੀ ਉਦਯੋਗ ਲਿਮਟਿਡ ਲਾਲੜੂ” ਨਾਲ ਐਗਰੀਮੈਂਟ ਕੀਤਾ ਹੋਇਆ ਹੈ I ਉਸ ਨੇ ਦੱਸਿਆ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਬਾਅਦ ਰੋਟਾਵੇਟਰ ਨਾਲ ਵਾਅਹੀ ਕਰਕੇ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ। ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੇ ਪ੍ਰਬੰਧਨ ਲਈ ਚਲਾਈ ਗਈ ਸਕੀਮ ਕਰਾਪ ਰਿਜ਼ਿਡਿਊ ਮੈਂਨੇਜਮੈਂਟ ਤਹਿਤ ਫਸਲਾਂ ਦੇ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਆਪਣਾ ਬੇਲਅਰ / ਰੈਕ ਅਤੇ ਕੰਬਾਈਨ ਦਾ ਸੁਪਰ ਐਸਐਮਐਸ ਲਿਆ ਹੋਇਆ ਹੈ । ਇਸ ਤੋਂ ਇਲਾਵਾ ਉਸ ਦੇ ਕੋਲ ਖੇਤੀ ਸਬੰਧੀ ਲੋੜੀਂਦੀ ਹੋਰ ਮਸ਼ਨੀਰੀ ਜਿਵੇਂ ਕਿ ਆਲੂ ਪੁੱਟਣ ਵਾਲੀ ਮਸ਼ੀਨ, ਰੋਟਾਵੇਟਰ, ਹੈਰੋ ਆਦਿ ਵੀ ਖਰੀਦੀਆਂ ਹੋਈਆਂ ਹਨ । ਉਸ ਵਲੋਂ ਇਹ ਸੰਦ ਹੋਰਨਾਂ ਕਿਸਾਨਾਂ ਨੂੰ ਵੀ ਮੁਹੱਈਆ ਕਰਵਾਏ ਜਾਂਦੇ ਹਨ । ਉਸਨੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਉਸ ਨਾਲ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣ ਸੰਬੰਧੀ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ, ਉਸ ਦੇ ਮੋਬਾਇਲ ਨੰਬਰ 98557-55130ਤੇ ਸੰਪਰਕ ਕਰ ਸਕਦਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ: ਰਣਜੀਤ ਸਿੰਘ ਬੈਂਸ ਨੇ ਅਵਤਾਰ ਸਿੰਘ ਦੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਰਤਮਾਨ ਵਿੱਚ ਸਾਰੇ ਕਿਸਾਨਾਂ ਨੂੰ ਇਸੇ ਸੋਚ ਨਾਲ ਖੇਤੀ ਕਰਨ ਦੀ ਲੋੜ ਹੈ, ਜਿਸ ਨਾਲ ਸਾਡੀ ਸਿਹਤ ਦੇ ਨਾਲ-ਨਾਲ ਸਾਡਾ ਵਾਤਾਵਰਣ ਵੀ ਸਾਫ ਸੁਥਰਾ ਰਹੇਗਾ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਵਿੱਚ ਸਰਗਰਮ ਸਾਝੀਦਾਰ ਬਣ ਕੇ ਇਸ ਜਾਗਰੂਕਤਾ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਕਾਰਵਾਈ ਦੇ ਬੁਰੇ ਨਤੀਜਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ, ਵਾਤਾਵਰਣ ਦੇ ਨਾਲ-ਨਾਲ ਮਿੱਤਰ ਕੀੜਿਆਂ ਲਈ ਵੀ ਬਹੁਤ ਹਾਨੀਕਾਰਕ ਹੈ, ਜਿਸ ਨੂੰ ਰੋਕਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।






















