ਪੁਲਿਸ ਮੁਲਾਜ਼ਮਾਂ ਵੱਲੋਂ ਨਾਟਕਾਂ ਨੂੰ ‘ਕੰਜਰਖਾਨਾ’ ਤੇ ਮਹਿਲਾ ਨਾਟਕਰਮੀ ਨੂੰ ‘ਤੇਰੇ ਵਰਗੀਆਂ’ ਕਹਿਣਾ ਨਾਟਕ ਤੇ ਔਰਤ ਵਰਗ ਦੀ ਤੌਹੀਨ-ਇਪਟਾ
ਚੰਡੀਗੜ੍ਹ, 15 ਅਕਤੂਬਰ (ਵਿਸ਼ਵ ਵਾਰਤਾ)-
ਕਿਸਾਨ/ਪੰਜਾਬ ਅੰਦੋਲਨ ਦੌਰਾਨ ਮਾਨਸਾ ਤੋਂ ਨਾਟਕ ਕਰਕੇ ਪਰਤੇ ਰਹੇ ਇਪਟਾ ਦੀ ਮੋਗਾ ਇਕਾਈ ਦੇ ਤਿੰਨ ਰੰਗਕਰਮੀ ਅਵਤਾਰ ਚੜਿੱਕ, ਗੁਰਤੇਜ ਸਫ਼ਰੀ ਤੇ ਵੀਰਪਾਲ ਕੌਰ ਨੂੰ ਬੀਤੇ 12 ਅਕਤੂਬਰ ਰਾਤ 10 ਵਜੇ ਰੇਲਵੇ ਸਟੇਸ਼ਨ ਕੋਲ ਬਿਨਾਂ ਨੇਮ ਪਲੇਟ ਸ਼ਰਾਬ ਦੇ ਨਸ਼ੇ ਵਿਚ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਘੇਰ ਕੇ ਬਦਤਮੀਜ਼ੀ ਕਰਨ, ਬਿਨਾਂ ਲੇਡੀ ਪੁਲਿਸ ਤੋਂ ਵੀਰਪਾਲ ਕੌਰ ਸਮੇਤ ਦੋਵੇਂ ਰੰਗਕਰਮੀਆਂ ਨੂੰ ਜਬਰੀ ਥਾਣੇ ਲੈ ਜਾਣ ਅਤੇ ਥਾਣੇ ਵਿਚ ਮੌਜੂਦ ਸ਼ਰਾਬ ਨਸ਼ੇ ਵਿਚ ਹੋਰ ਪੁਲਿਸ ਮੁਲਾਜ਼ਮ ਵੱਲੋਂ ਵੀ ਬਦਸੂਲਕੀ ਅਤੇ ਨਾਟਕਰਮੀਆਂ ਕਿਰਦਾਰਕੁਸ਼ੀ ਕਰਨ ਵਿਰੁੱਧ ਇਪਟਾ, ਪੰਜਾਬ ਦੇ ਸੱਕਤਰ ਵਿੱਕੀ ਮਹੇਸਰੀ ਦੀ ਰਹਿਨੁਮਾਈ ਹੇਠ ਰੰਗਕਰਮੀਆ, ਕਲਾਕਾਰਾਂ ਤੇ ਕਲਮਕਾਰਾਂ ਨੇ ਮਾਡਲ ਥਾਣਾ ਸਿਟੀ ਮੋਗਾ ਦਾ ਘਿਰਾਓ ਕਰਕੇ ਮੋਗਾ ਪੁਲਿਸ ਮੁਲਾਜ਼ਮਾਂ ਵੱਲੋ ਰੰਗਕਰਮੀਆਂ ਨਾਲ ਬਦਸਲੂਕੀ ਅਤੇ ਗ਼ੈਰ ਇਖਲਾਕੀ ਵਤੀਰੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਨਾਹਰੇਬਾਜ਼ੀ ਕੀਤੀ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਜੀਤ ਰੂਪੋਵਾਲੀ ਤੇ ਤਮਾਮ ਕਾਰਕੁਨਾ ਨੇ ਪੁਲਿਸ ਮੁਲਾਜ਼ਮਾਂ ਦੇ ਵਤੀਰੇ ਦੀ ਘੋਰ ਨਿਖੇਧੀ ਕਰਦੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਨਾਟਕਾਂ ਨੂੰ ‘ਕੰਜਰਖਾਨਾ’ ਤੇ ਨਾਟਕਰਮੀ ਵੀਰਪਾਲ ਕੌਰ ਨੂੰ ‘ਤੇਰੇ ਵਰਗੀਆਂ’ ਕਹਿਣਾ ਨਾਟਕ ਤੇ ਔਰਤ ਵਰਗ ਦੀ ਤੌਹੀਨ ਹੈ।ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਇਪਟਾ,ਪੰਜਾਬ ਦੇ ਰੰਗਕਰਮੀ ਤੇ ਕਲਾਕਾਰ ਸਾਰੇ ਪੰਜਾਬ ਵਿਚ ਕਿਸਾਨ/ਪੰਜਾਬ ਅੰਦੋਲਨ ਵਿਚ ਆਪਣੀ ਸ਼ਮੂਲੀਅਤ ਕਰਦੇ ਆ ਰਹੇ ਹਨ ਤੇ ਕਰਦੇ ਰਹਿਣਗੇ।ਕਿਉਂਕਿ ਇਹ ਬਿੱਲ ਕਿਸਾਨ ਵਿਰੋਧੀ ਹੀ ਨਹੀਂ ਇਨਸਾਨ ਵੀ ਵਿਰੋਧੀ ਹਨ।