‘ਲੋਕ ਅਣਚਾਹੇ ਨਵਜਨਮੇ ਬੱਚੇ ਨੂੰ ਸੁੱਟਣ ਦੀ ਥਾਂ ਪੰਘੂੜੇ ਵਿਚ ਪਾਉੁਣ’
ਬੱਚੇ ਦੀ ਸਿਹਤ ਸੰਭਾਲ, ਪਾਲਣ ਪੋਸ਼ਣ ਤੋਂ ਅਡਾਪਟ ਕਰਨ ਤੱਕ ਦੀ ਵਿਵਸਥਾ ਕਾਇਮ
ਕਪੂਰਥਲਾ, 15 ਅਕਤੂਬਰ (ਵਿਸ਼ਵ ਵਾਰਤਾ)-ਕਪੂਰਥਲਾ ਜਿਲ੍ਹੇ ਅੰਦਰ ਅਣਚਾਹੇ ਬੱਚਿਆਂ ਲਈ ਉਮੀਦ ਦੀ ਕਿਰਨ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਲੋਕ ਆਪਣੇ ਅਣਚਾਹੇ ਜਾਂ ਤਿਆਗੇ ਬੱਚੇ ਨੂੰ ਸੁੱਟਣ ਦੀ ਥਾਂ ਇਸ ਪੰਘੂੜੇ ਵਿਚ ਪਾ ਕੇ ਉਸਨੂੰ ਨਵੀਂ ਜਿੰਦਗੀ ਦੇ ਸਕਣਗੇ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਇਸ ਪੰਘੂੜੇ ਦਾ ਸਿਵਲ ਹਸਪਤਾਲ ਵਿਖੇ ਸਥਿਤ ਸਖੀ ਵਨ ਸਟਾਪ ਸੈਂਟਰ ਵਿਖੇ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੰਤਵ ਅਣਚਾਹੇ ਬੱਚਿਆਂ ਦੀ ਚੰਗਾ ਭਵਿੱਖ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਾਂਭ ਸੰਭਾਲ ਤੋਂ ਲੈ ਕੇ ਅਡਾਪਸ਼ਨ ਤੱਕ ਦੀ ਵਿਵਸਥਾ ਕਾਇਮ ਕੀਤੀ ਗਈ ਹੈ।
ਸਖੀ ਵਨ ਸਟਾਪ ਦੇ ਬਾਹਰਵਾਰ ਸਥਾਪਿਤ ਕੀਤੇ ਗਏ ਇਸ ਪੰਘੂੜੇ ਵਿਚ ਕੋਈ ਵੀ ਵਿਅਕਤੀ ਅਣਚਾਹੇ ਨਵਜਨਮੇ ਬੱਚੇ ਨੂੰ ਛੱਡਕੇ ਜਾ ਸਕਦਾ ਹੈ ਅਤੇ ਇਸ ਬਾਰੇ ਸਬੰਧਿਤ ਕੇਅਰ ਟੇਕਰ ਨੂੰ ਜਾਣੂੰ ਕਰਵਾਉਣ ਲਈ ਉੱਥੇ ਇਕ ਘੰਟੀ ਵੀ ਲਗਾਈ ਗਈ ਹੈ।
ਅਣਚਾਹੇ ਬੱਚੇ ਨੂੰ ਛੱਡਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਅਜਿਹੇ ਕੇਸਾਂ ਲਈ ਮੋਬਾਇਲ ਨੰਬਰ 78146-76459 ਵੀ ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅਣਚਾਹੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਸਥਾਰਤ ਯੋਜਨਾਬੰਦੀ ਕੀਤੀ ਗਈ ਹੈ, ਜਿਸ ਤਹਿਤ ਬੱਚੇ ਦੀ ਪੰਘੂੜੇ ਵਿਚ ਆਮਦ ਦੇ ਤੁਰੰਤ ਪਿੱਛੋਂ ਉਸਦਾ ਮੈਡੀਕਲ ਚੈਕਅਪ ਕੀਤਾ ਜਾਵੇਗਾ ਅਤੇ 72 ਘੰਟੇ ਦੇ ਅੰਦਰ-ਅੰਦਰ ਉਸਦੀ ਅਡਾਪਸ਼ਨ ਲਈ ਸਬੰਧਿਤ ਬਾਲ ਵਿਕਾਸ ਵਿਭਾਗ ਵਲੋਂ ਕਾਰਵਾਈ ਮੁਕੰਮਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਘੂੜੇ ਵਿਚ ਬੱਚੇ ਦੀ ਆਮਦ ਬਾਰੇ ਨਿਗਰਾਨੀ ਰੱਖਣ ਲਈ ਸਖੀ ਵਨ ਸਟਾਪ ਵਿਖੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਕੇਅਰ ਟੇਕਰਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ।
ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ , ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
























