ਅਣਚਾਹੇ ਤੇ ਬੇਸਹਾਰਾ ਬੱਚਿਆਂ ਲਈ ਵਰਦਾਨ ਸਾਬਿਤ ਹੋਵੇਗੀ ਯੋਜਨਾ
ਕਪੂਰਥਲਾ, 14 ਅਕਤੂਬਰ (ਵਿਸ਼ਵ ਵਾਰਤਾ)-ਕਪੂਰਥਲਾ ਜਿਲ੍ਹੇ ਅੰਦਰ ਅਣਚਾਹੇ ਤੇ ਬੇਸਹਾਰਾ ਨਵਜਨਮੇ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਪਾਲਣ=ਪੋਸ਼ਣ ਯਕੀਨੀ ਬਣਾਉਣ ਦੇ ਮਕਸਦ ਨਾਲ ‘ਪੰਘੂੜਾ’ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੱਲ੍ਹ 15 ਅਕਤੂਬਰ ਨੂੰ ਇਸਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ।
ਇਹ ‘ਪੰਘੂੜਾ’ ਸਖੀ ਵਨ ਸਟਾਪ ਸੈਂਟਰ ਕਪੂਰਥਲਾ (ਸਿਵਲ ਹਸਪਤਾਲ ਵਿਖੇ) ਸਥਾਪਿਤ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਕੋਈ ਵੀ ਵਿਅਕਤੀ ਕਿਸੇ ਅਣਚਾਹੇ ਬੱਚੇ ਨੂੰ ਉਸ ਪੰਘੂੜੇ ਵਿਚ ਰੱਖਕੇ ਆਪ ਜਾ ਸਕਦਾ ਹੈ। ਇਸ ਪੰਘੂੜੇ ਉੱਪਰ ਇਕ ਘੰਟੀ ਲਗਾਈ ਗਈ ਹੈ, ਅਤੇ ਪੰਘੂੜੇ ਵਿਚ ਬੱਚੇ ਦੀ ਆਮਦ ਮੌਕੇ ਸਬੰਧਿਤ ਕਰਮੀਆਂ ਨੂੰ ਘੰਟੀ ਰਾਹੀਂ ਬੱਚੇ ਦੀ ਆਮਦ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਅਣਚਾਹੇ ਬੱਚਿਆਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਸੰਭਾਲਣਾ ਹੈ, ਜਿਸ ਲਈ ਸਖੀ ਵਨ ਸਟਾਪ ਸੈਂਟਰ ਵਿਖੇ ਕੇਅਰ ਟੇਕਰ ਵੀ ਤਾਇਨਾਤ ਕੀਤੀਆਂ ਗਈਆਂ ਹਨ।























