ਪੁਲਿਸ ਅਤੇ ਸਿਹਤ ਵਿਭਾਗ ਦੀ ਖਾਨਾਪੂਰ ਕਾਰਵਾਈ ਖਿਲਾਫ ਲਾਵਾਂਗੇ ਅਦਾਲਤ ਦਾ ਸਹਾਰਾ : ਸੋਨੂੰ ਮਹੇਸ਼ਵਰੀ
–ਪੁਲਿਸ ਨੇ ਮਹਿਜ਼ ਇੱਕ ਮੁਲਾਜ਼ਮ ਤੇ ਕੀਤਾ ਪਰਚਾ ਦਰਜ, ਦੋ ਨੂੰ ਕਿਉਂ ਬਖਸਿਆ
ਬਠਿੰਡਾ 11 ਅਕਤੂਬਰ (ਕੁਲਬੀਰ ਬੀਰਾ )ਬਲੱਡ ਬੈਂਕ ਬਠਿੰਡਾ ਦੇ ਤਿੰਨ ਮੁਲਾਜ਼ਮਾਂ ਵੱਲੋਂ ਇਕ 7 ਸਾਲ ਦੀ ਬੱਚੀ ਅਤੇ ਔਰਤ ਨੂੰ ਐੱਚ ਆਈ ਵੀ ਪਾਜ਼ੇਟਿਵ ਖੂਨ ਚੜ੍ਹਾਉਣ ਦਾ ਸਨਸਨੀਖੇਜ਼ ਮਾਮਲਾ ਸੁਰੱਖੀਆ ਵਿੱਚ ਹੈ। ਇਸ ਮਾਮਲੇ ਦੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਜਾਂਚ ਕਮੇਟੀ ਬਣਾ ਕੇ ਜਾਂਚ ਕਰਵਾਈ ਗਈ। ਜਿਸ ਵਿੱਚ ਬਲਦੇਵ ਸਿੰਘ ਰੋਮਾਣਾ ਸਮੇਤ ਇੱਕ ਔਰਤ ਅਤੇ ਇੱਕ ਹੋਰ ਮੁਲਾਜ਼ਮ ਦੋਸ਼ੀ ਪਾਏ ਗਏ, ਜਿਨ੍ਹਾਂ ਨੂੰ ਸਸਪੈਂਡ ਵੀ ਕੀਤਾ ਗਿਆ ਅਤੇ ਸਿਹਤ ਵਿਭਾਗ ਵੱਲੋਂ ਉਕਤ ਮੁਲਾਜ਼ਮਾਂ ਖਿਲਾਫ਼ ਪਰਚਾ ਦਰਜ ਕਰਨ ਲਈ ਐਸਐਸਪੀ ਬਠਿੰਡਾ ਨੂੰ ਸਿਫਾਰਸ਼ ਵੀ ਕੀਤੀ ਗਈ। ਪੁਲਿਸ ਵੱਲੋਂ ਮਹਿਜ਼ ਇੱਕ ਮੁਲਾਜ਼ਮ ਤੇ ਹੀ ਪਰਚਾ ਦਰਜ ਕਰਕੇ ਖਾਨਾਪੂਰਤੀ ਕੀਤੀ ਗਈ ਹੈ, ਜਦੋਂ ਕਿ ਦੋ ਮੁਲਾਜ਼ਮਾਂ ਨੂੰ ਬਖ਼ਸ਼ਿਆ ਜਾ ਰਿਹਾ ਹੈ ? ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਉਹ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੀ ਖਾਨਪੁਰ ਕਾਰਵਾਈ ਖਿਲਾਫ਼ ਅਦਾਲਤ ਦਾ ਸਹਾਰਾ ਲੈਣਗੇ ਅਤੇ ਸੰਸਥਾ ਦੇ ਵਕੀਲ ਐਚ ਸੀ ਅਰੋੜਾ ਰਾਹੀਂ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਜਾ ਰਿਹਾ ਹੈ ਤਾਂ ਜੋ ਦੋ ਇਨਸਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਸਿਹਤ ਵਿਭਾਗ ਅਤੇ ਬਲੱਡ ਬੈਂਕ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਬਣਦਾ ਪਰਚਾ ਦਰਜ ਕਰਕੇ ਸਜ਼ਾ ਦਿੱਤੀ ਜਾਵੇ, ਕਿਉਂਕਿ ਇਨ੍ਹਾਂ ਵਿਅਕਤੀਆਂ ਵੱਲੋਂ ਲਾਪ੍ਰਵਾਹੀ ਕਰਕੇ ਦੋ ਜ਼ਿੰਦਗੀਆਂ ਨੂੰ ਬਰਬਾਦ ਕੀਤਾ ਗਿਆ ਹੈ, ਇਹ ਕੋਈ ਮਾਮੂਲੀ ਮਾਮਲਾ ਨਹੀਂ ਜਿਸ ਨੂੰ ਪੁਲਸ ਅਤੇ ਸਿਹਤ ਵਿਭਾਗ ਦਬਾਉਣਾ ਚਾਹੁੰਦਾ ਹੈ। । ਉਨ੍ਹਾਂ ਕਿਹਾ ਕਿ ਬਲੱਡ ਬੈਂਕ ਦੇ ਮੁਲਾਜ਼ਮਾਂ ਦੀਆਂ ਲਾਪਰਵਾਹੀਆਂ ਕਰਕੇ ਖ਼ੂਨ ਦਾਨੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਦੀ ਮਨਮਰਜ਼ੀ ਤੇ ਹੈਂਕੜਬਾਜ਼ੀ ਰਵੱਈਏ ਕਰਕੇ ਇਹ ਘਟਨਾ ਵਾਪਰੀ ਹੈ, ਜਿਸ ਨੇ ਪੂਰੀ ਦੁਨੀਆਂ ਵਿੱਚ ਬਲੱਡ ਬੈਂਕ ਦੀ ਕਾਰਗੁਜਾਰੀ ਨੂੰ ਸ਼ਰਮਸਾਰ ਕੀਤਾ ਹੈ । ਜ਼ਿਕਰਯੋਗ ਹੈ ਕਿ ਬਲੱਡ ਬੈਂਕ ਬਠਿੰਡਾ ਵੱਲੋਂ ਪਹਿਲਾਂ ਇੱਕ ਔਰਤ ਨੂੰ ਐਚਆਈਵੀ ਪਾਜ਼ੀਟਿਵ ਖੂਨ ਚੜ੍ਹਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਸੱਤ ਸਾਲ ਦੀ ਬੱਚੀ ਨੂੰ ਫਿਰ ਖੂਨ ਚੜ੍ਹਾ ਦਿੱਤਾ ਜਿਸ ਕਰਕੇ ਦੋਨਾਂ ਦੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਸ ਅਤੇ ਸਿਹਤ ਵਿਭਾਗ ਇਸ ਮਾਮਲੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਦਾ ਹੈ ਜਾਂ ਨਹੀਂ ?