ਚੰਡੀਗੜ੍ਹ 11 ਅਕਤੂਬਰ( ਵਿਸ਼ਵ ਵਾਰਤਾ )-ਮੈਨੂੰ ਕਾਰਟੂਨਿਸਟ ਬਣਾਉਣ ਵਾਲੇ ਮੇਰੇ ਅੰਕਲ ਰਮੇਸ਼ ਚੰਦਰ ਬਾਲੀ ਨਹੀਂ ਰਹੇ । ਉਹ ਪਿਛਲੇ ਦਿਨੀਂ ਸੰਖੇਪ ਜੇਹੀ ਬਿਮਾਰੀ ਪਿੱਛੋਂ ਆਪਣਾ ਸਰੀਰ ਜਲੰਧਰ ਵਿਖੇ ਤਿਆਗ ਗਏ ।ਇੱਥੇ ਉਹ ਆਪਣੇ ਛੋਟੇ ਸਪੁੱਤਰ ਬਿੱਲੂ ਬਾਲੀ ਦੇ ਪਰਿਵਾਰ ਨਾਲ ਰਹਿੰਦੇ ਸਨ ।ਉਹ ਪਿੱਛੇ ਆਪਣੀ ਧਰਮ ਸੁਪਤਨੀ ਕਮਲ ਬਾਲੀ, ਬਿਟੀਆ ਮੀਰਾ ਬਾਲੀ ਤੇ ਵੱਡੇ ਸਪੁੱਤਰ ਬਬਲੂ ਬਾਲੀ ਨੂੰ ਛੱਡ ਗਏ ।ਖੁਸ਼ਹਾਲ ਪਰਿਵਾਰ ਚੰਗੇ ਤਰੀਕੇ ਨਾਲ ਸੈਟਲ ਹੈ । ਵੱਡਾ ਬੇਟਾ ਅਸ਼ੋਕ ਬਾਲੀ ਉਰਫ਼ ਬਬਲੂ ਬਾਲੀ ਜੋ ਕਿ ਪਹਿਲੇ ਟ੍ਰਿਬਿਊਨ ਵਿੱਚ ਹੀ ਨੌਕਰੀ ਕਰਦੇ ਸਨ ਪ੍ਰੰਤੂ ਅੱਜ ਕੱਲ੍ਹ ਉਹ ਇੰਗਲੈਂਡ ਵਿੱਚ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਦੀ ਬੇਟੀ ਮੀਰਾ ਬਾਲੀ ਵੀ ਇੰਗਲੈਂਡ ਵਿੱਚ ਬਹੁਤ ਖੁਸ਼ੀ ਖੁਸ਼ੀ ਸੈਟਲ ਹਨ ।ਛੋਟਾ ਬੇਟਾ ਰਾਜੇਸ਼ ਬਾਲੀ ਉਰਫ਼ ਬਿੱਲੂ ਬਾਲੀ ਇੱਥੇ ਸੂਚਨਾ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਦੇ ਵਿੱਚ ਅਫ਼ਸਰ ਹਨ ।ਅੰਕਲ ਰਮੇਸ਼ ਬਾਲੀ ਭਰਿਆ ਪੂਰਿਆ ਪੂਰਾ ਖੁਸ਼ਹਾਲ ਪਰਿਵਾਰ ਛੱਡ ਕੇ ਗਏ ਹਨ ।
ਮੈਨੂੰ ਕਾਰਟੂਨਿਸਟ ਅੰਕਲ ਸ੍ਰੀ ਰਮੇਸ਼ ਬਾਲੀ ਨੇ ਕਿਵੇਂ ਬਣਾਇਆ ਇਹ ਇੱਕ ਲੰਬੀ ਕਹਾਣੀ ਹੈ ਅੱਜ ਮੈਂ ਉਸ ਦਾ ਖੁਲਾਸਾ ਕਰ ਰਿਹਾ ਹਾਂ , ਗੱਲ 1986 ਫਰਵਰੀ ਦੀ ਦੀ ਹੈ ।ਜਦੋਂ ਮੇਰਾ ਕੇਂਦਰੀ ਵਿਦਿਆਲਿਆ ਸੈਕਟਰ 47 ਚੰਡੀਗੜ੍ਹ ਵਿਖੇ ਇੱਕ ਪੇਪਰ ਸੀ, ਮੈਂ ਪੇਪਰ ਦੇਣ ਲਈ ਆਪਣੇ ਮਾਤਾ ਜੀ ਸ੍ਰੀਮਤੀ ਸੁਰਿੰਦਰ ਕੌਰ ਕੋਹਲੀ ਦੇ ਨਾਲ ਕੇਂਦਰੀ ਵਿਦਿਆਲੇ ਵਿੱਚ ਗਿਆ ਤਾਂ ਮੇਰੇ ਡੈਡ ਸਰਦਾਰ ਗੁਰਬਚਨ ਸਿੰਘ ਕੋਹਲੀ ਕਹਿੰਦੇ ਕਿ ਉਹ ਵੀ ਉੱਥੇ 47 ਸੈਕਟਰ ਦੇ ਸਕੂਲ ਵਿੱਚ ਆਉਣਗੇ ।ਮੇਰਾ ਪੇਪਰ ਖਤਮ ਹੋ ਗਿਆ , ਮੈਂ ਆਪਣੇ ਮਾਤਾ ਜੀ ਦੇ ਨਾਲ ਹੀਰੋ ਮਜੈਸਟਿਕ ਮੋਪਡ ਤੇ ਵਾਪਸ ਘਰ ਸੈਕਟਰ 27 ਵਿਖੇ ਆ ਗਿਆ ਪ੍ਰੰਤੂ ਮੇਰੇ ਡੈਡੀ ਨਾਂ ਤਾਂ 47 ਦੇ ਸਕੂਲ ਪਹੁੰਚੇ ਅਤੇ ਨਾ ਹੀ ਘਰ ਸਨ ।ਕੁਝ ਦੇਰ ਬਾਅਦ ਮੇਰੇ ਡੈਡੀ ਘਰ ਆ ਗਏ । ਸਕੂਲ ਨਾ ਪਹੁੰਚਣ ਦੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਆਪਣੇ 40 ਸਾਲ ਪੁਰਾਣਾ ਦੋਸਤ ਰਮੇਸ਼ ਚੰਦਰ ਬਾਲੀ ਮਿਲਿਆ ਹੈ । ਅਸੀਂ ਸਾਰੇ ਪਰਿਵਾਰ ਨੇ ਜਿਸ ਵਿੱਚ ਮੈਂ ਮੇਰੇ ਵੱਡੇ ਭਾਈ ਸਾਹਿਬ ਅਤੇ ਮੇਰੀ ਸਿਸਟਰ ਮੇਰੇ ਮਾਤਾ ਜੀ ਨੇ ਬੜੀ ਉਤਸੁਕਤਾ ਨਾਲ ਪੂਰੀ ਗੱਲ ਸੁਣਾਉਣ ਲਈ ਕਿਹਾ ।ਮੇਰੇ ਡੈਡੀ ਨੇ ਦੱਸਿਆ ਕਿ ਜਦੋਂ ਉਹ ਟ੍ਰਿਬਿਊਨ ਅਖ਼ਬਾਰ ਦੇ ਦਫ਼ਤਰ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਧਿਆਨ ਆਇਆ ਕਿ ਲਾਹੌਰ ਵਿਖੇ ਜਦੋਂ ਉਹ ਰਿਸ਼ੀ ਰਾਮ ਆਰੀਆ ਸਕੂਲ ਦਾਲ ਗ੍ਰਾਮ ਚੌਕ, ਗਵਾਲ ਮੰਡੀ, ਲਾਹੌਰ ਵਿਖੇ ਪੜ੍ਹਦੇ ਸਨ ਉੱਥੇ ਉਨ੍ਹਾਂ ਦਾ ਇੱਕ ਦੋਸਤ ਰਮੇਸ਼ ਚੰਦਰ ਬਾਲੀ ਸੀ ।ਜਿਨ੍ਹਾਂ ਦੇ ਪਿਤਾ ਜੀ ਉਦੋਂ ਲਾਹੌਰ ਵਿਖੇ ਟ੍ਰਿਬਿਊਨ ਅਖ਼ਬਾਰ ਦੇ ਵਿੱਚ ਵੱਡੇ ਅਹੁਦੇ ਤੇ ਸਨ ।ਡੈਡੀ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਚ ਖਿਆਲ ਆਇਆ ਕਿ ਰਮੇਸ਼ ਚੰਦਰ ਬਾਲੀ ਦਾ ਪਤਾ ਸ਼ਾਇਦ ਟ੍ਰਿਬਿਊਨ ਅਖ਼ਬਾਰ ਤੋਂ ਲੱਗ ਜਾਵੇ । ਉਨ੍ਹਾਂ ਦੱਸਿਆ ਕਿ ਜਦੋਂ ਮੈਂ ਟ੍ਰਿਬਿਊਨ ਦੀ ਰਿਸੈਪਸ਼ਨ ਤੇ ਪਹੁੰਚ ਕੇ ਸ੍ਰੀ ਰਮੇਸ਼ ਚੰਦਰ ਬਾਲੀ ਬਾਰੇ ਪੁੱਛਿਆ , ਤਾਂ ਸਾਹਮਣੇ ਖੜ੍ਹੇ ਜੈਂਟਲਮੈਨ ਨੇ ਮੈਨੂੰ ਕਿਹਾ ਦੱਸੋ ਕੀ ਕੰਮ ਹੈ । ਮੈਂ ਕਿਹਾ ਕਿ ਮੈਂ ਉਨ੍ਹਾਂ ਨੂੰ ਮਿਲਣਾ ਹੈ , ਉਨ੍ਹਾਂ ਨੇ ਮੈਨੂੰ ਕਿਹਾ ਹਾਂ ਮਿਲੇ , ਮੈਂ ਹੀ ਰਮੇਸ਼ ਚੰਦਰ ਬਾਲੀ ਹਾ , ਮੇਰੇ ਡੈਡੀ ਦੱਸਦੇ ਹਨ ਕਿ ਉਨ੍ਹਾਂ ਨੇ ਹਾਸੇ ਵਿੱਚ ਕਿਹਾ ਕਿ ਬੁੱਝੋ ਮੈਂ ਕੌਣ ਹਾਂ , ਤਾਂ ਅੰਕਲ ਬਾਲੀ ਨੇ ਨਾਂਹ ਵਿੱਚ ਸਿਰ ਹਿਲਾ ਕੇ ਕਿਹਾ ਉਨ੍ਹਾਂ ਨੇ ਨਹੀਂ ਪਛਾਣਿਆ । ਤਾਂ ਮੇਰੇ ਪਿਤਾ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਨਾਮ ਗੁਰਬਚਨ ਸਿੰਘ ਕੋਹਲੀ ਹੈ ਅਸੀਂ ਦੋਵੇਂ ਰਿਸ਼ੀ ਰਾਮ ਆਰੀਆ ਸਕੂਲ ਲਾਹੌਰ ਵਿਖੇ ਇਕੱਠੇ ਪੜ੍ਹਦੇ ਸੀ । ਬਾਲੀ ਅੰਕਲ ਨੂੰ ਵੀ ਆਪਣਾ ਬਚਪਨ ਪੂਰੀ ਤਰ੍ਹਾਂ ਯਾਦ ਆ ਗਿਆ ਤੇ ਉਨ੍ਹਾਂ ਨੇ ਉੱਥੇ ਹੀ ਰਿਸੈਪਸ਼ਨ ਤੇ ਘੁੱਟ ਕੇ ਡੈਡੀ ਨੂੰ ਜੱਫੀ ਵਿੱਚ ਲੈ ਲਿਆ ਅਤੇ ਆਪਣੇ ਸਾਰੇ ਸਹਿਕਰਮੀਆਂ ਨੂੰ ਦੱਸਿਆ ਕਿ ਅੱਜ ਸਾਡਾ 40 ਸਾਲ ਬਾਅਦ ਫੇਰ ਮਿਲਾਪ ਹੋਇਆ ਹੈ ।ਡੈਡੀ ਜੀ ਨੇ ਘਰ ਆ ਕੇ ਦੱਸਿਆ ਕਿ ਬਾਲੀ ਸਾਹਿਬ ਸਾਡੇ ਪਰਿਵਾਰ ਨੂੰ ਮਿਲਣ ਕੁਝ ਦਿਨਾਂ ਵਿੱਚ ਘਰ ਆਉਣਗੇ । ਫਰਵਰੀ 1986 ਦੀ ਹੀ ਗੱਲ ਹੈ ਕਿ ਮੈਂ ਐਤਵਾਰ ਵਾਲੇ ਦਿਨ ਸਿਰ ਧੋ ਕੇ ਧੁੱਪੇ ਬੈਠਾ ਡਰਾਇੰਗ ਕਰ ਰਿਹਾ ਸੀ । ਇਸ ਡਰਾਇੰਗ ਵਿੱਚ ਮੈਂ ਭਾਈ ਬਿਧੀ ਚੰਦ ਜੀ ਦਾ ਸਕੈੱਚ ਬਣਾ ਰਿਹਾ ਸੀ । ਇੰਨੇ ਨੂੰ ਗੇਟ ਤੇ ਇੱਕ ਲੇਡੀ ਸਾਈਕਲ ਰੁੱਕਿਆ ਜਿਸ ਤੋਂ ਇੱਕ ਅੰਕਲ ਅਤੇ ਆਂਟੀ ਉੱਤਰੇ । ਉਨ੍ਹਾਂ ਨੇ ਮੇਰੇ ਤੋਂ ਪੁੱਛਿਆ ਕਿ ਕੋਹਲੀ ਸਾਹਿਬ ਦਾ ਘਰ ਇਹੀ ਹੈ , ਮੈਂ ਹਾਂ ਵਿੱਚ ਸਿਰ ਹਿਲਾ ਕੇ ਉਨ੍ਹਾਂ ਨੂੰ ਅੰਦਰ ਆਉਣ ਲਈ ਕਿਹਾ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨਾਮ ਰਮੇਸ਼ ਚੰਦਰ ਬਾਲੀ ਹੈ ਇਸ ਤੇ ਮੈਂ ਸਤਿਕਾਰ ਵਜੋਂ ਆਪਣੇ ਅੰਕਲ ਤੇ ਆਂਟੀ ਦੇ ਪੈਰੀਂ ਹੱਥ ਲਾਏ । ਡੈਡੀ ਹੋਰਾਂ ਨੇ ਦੱਸਿਆ ਹੋਇਆ ਸੀ ਕਿ ਬਾਲੀ ਅੰਕਲ ਸਾਨੂੰ ਮਿਲਣ ਆ ਰਹੇ ਹਨ।ਉਨ੍ਹਾਂ ਦਾ ਧਿਆਨ ਮੇਰੀ ਡਰਾਇੰਗ ਸ਼ੀਟ ਉੱਪਰ ਗਿਆ ਅਤੇ ਮੇਰੇ ਦੁਆਰਾ ਬਣਾਏ ਜਾ ਰਹੇ ਭਾਈ ਬਿਧੀ ਚੰਦ ਦੇ ਸਕੈੱਚ ਨੂੰ ਉਨ੍ਹਾਂ ਨੇ ਗੌਰ ਨਾਲ ਵੇਖਿਆ ਅਤੇ ਪਹਿਲੀ ਸੱਟੇ ਹੀ ਕਿਹਾ ਕਿ ਬੇਟਾ ਤੁਹਾਡੀ ਡਰਾਇੰਗ ਬਹੁਤ ਚੰਗੀ ਹੈ । ਮੈਂ ਧੰਨਵਾਦ ਕਰਕੇ ਉਨ੍ਹਾਂ ਨੂੰ ਘਰ ਦੇ ਡਰਾਇੰਗ ਰੂਮ ਵਿੱਚ ਲੈ ਆਇਆ ਅਤੇ ਆਪਣੇ ਮੰਮੀ ਪਾਪਾ ਨੂੰ ਇਸ ਬਾਰੇ ਦੱਸਿਆ ਕਿ ਬਾਲੀ ਅੰਕਲ ਆਂਟੀ ਸਾਨੂੰ ਮਿਲਣ ਆਏ ਹਨ ।ਅਸੀਂ ਸਾਰੇ ਪਰਿਵਾਰ ਨੇ ਬਾਲੀ ਅੰਕਲ ਆਂਟੀ ਨਾਲ ਰਲ ਕੇ ਕਈ ਘੰਟੇ ਗੱਲਾਂ ਕੀਤੀਆਂ ।ਇਸ ਦੌਰਾਨ ਅੰਕਲ ਅਤੇ ਡੈਡੀ ਜੀ ਨੇ ਆਪਣੀਆਂ ਬਚਪਨ ਦੀਆਂ ਕਈ ਯਾਦਾਂ ਦਾ ਖੁਲਾਸਾ ਸਾਡੇ ਸਾਹਮਣੇ ਕੀਤਾ ।ਡੈਡੀ ਹੋਰਾਂ ਨੇ ਬਾਲੀ ਅੰਕਲ ਦੇ ਮਾਤਾ ਜੀ ਦੇ ਨਿੱਘੇ ਸੁਭਾਅ ਬਾਰੇ ਵੀ ਦੱਸਿਆ ਅਤੇ ਬਾਲੀ ਅੰਕਲ ਦੇ ਛੋਟੇ ਭਰਾ ਸੁਸ਼ੀਲ ਬਾਲੀ ਬਾਰੇ ਵੀ ਦੱਸਿਆ ਸੁਸ਼ੀਲ ਬਾਲੀ ਜੋ ਕਿ ਬਾਅਦ ਵਿੱਚ ਪ੍ਰੈੱਸ ਟਰੱਸਟ ਆਫ਼ ਇੰਡੀਆ ਪੀਟੀਆਈ ਨਿਊਜ਼ ਏਜੰਸੀ ਦੇ ਹੈੱਡ ਬਣੇ ।ਡੈਡੀ ਹੋਰਾਂ ਨੇ ਦੱਸਿਆ ਕਿ ਜਦੋਂ ਮੈਂ ਤੇ ਰਮੇਸ਼ ਸਕੂਲ ਜਾਣ ਲਈ ਤਿਆਰ ਹੁੰਦੇ ਤਾਂ ਸੁਸ਼ੀਲ ਸਾਡੇ ਮਗਰ ਭੱਜਿਆ ਆਉਂਦਾ ਤੇ ਉੱਚੀ ਉੱਚੀ ਰੌਲਾ ਪਾਉਂਦਾ ਕਿ ਮੈਂ ਵੀ ਸਕੂਲ ਜਾਣਾ ਹੈ ।ਸੁਸ਼ੀਲ ਬਾਲੀ ਹੋਰਾਂ ਦੀ ਉਮਰ ਛੋਟੀ ਸੀ ਤੇ ਉਦੋਂ ਤਿੰਨ ਤੋਂ ਚਾਰ ਸਾਲ ਦੇ ਬੱਚੇ ਦਾ ਸਕੂਲ ਵਿੱਚ ਦਾਖਲਾ ਨਹੀਂ ਹੋਇਆ ਕਰਦਾ ਸੀ ।ਪੁਰਾਣੀਆਂ ਗੱਲਾਂ ਯਾਦ ਕਰਦੇ ਕਰਦੇ ਕਈ ਘੰਟੇ ਬੀਤ ਗਏ ਪ੍ਰੰਤੂ ਪਤਾ ਹੀ ਨਾ ਲੱਗਿਆ ਅੰਕਲ ਆਂਟੀ ਦੇ ਨਿੱਘੇ ਅਤੇ ਮਿਲਾਪੜੇ ਸੁਭਾਅ ਨੇ ਸਾਡੇ ਪੂਰੇ ਪਰਿਵਾਰ ਨੂੰ ਬਹੁਤ ਪ੍ਰਭਾਵਿਤ ਕੀਤਾ , ਅੰਕਲ ਦਾ ਮਜ਼ਾਕੀਆ ਸੁਭਾਅ ਬਹੁਤ ਹੀ ਚੰਗਾ ਲੱਗਿਆ , ਇਨ੍ਹਾਂ ਘੰਟਿਆਂ ਦੇ ਦੌਰਾਨ ਉਨ੍ਹਾਂ ਨੇ ਕਈ ਵਾਰ ਆਂਟੀ ਨੂੰ ਵੀ ਹਾਸੇ ਠੱਠੇ ਦੇ ਵਿੱਚ ਕਈ ਗੱਲਾਂ ਕੀਤੀਆਂ ਜਿਸ ਨਾਲ ਮਾਹੌਲ ਬਹੁਤ ਹੀ ਖੁਸ਼ਨੁਮਾ ਹੋਈ ਜਾ ਰਿਹਾ ਸੀ , ਸਾਨੂੰ ਸਾਰੇ ਪਰਿਵਾਰ ਨੂੰ ਵੀ ਇੰਜ ਹੀ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਸਾਰੀ ਪਿਕਚਰ ਆਪਣੇ ਅੱਖੀਂ ਵੇਖ ਲਈ ਹੋਵੇ ।ਇਨ੍ਹਾਂ ਗੱਲਾਂ ਦੇ ਵਿੱਚ ਬਾਲੀ ਅੰਕਲ ਨੇ ਮੈਨੂੰ ਕਿਹਾ ਕਿ ਦਵਿੰਦਰ ਤੁਹਾਡੀ ਡਰਾਇੰਗ ਬਹੁਤ ਅੱਛੀ ਹੈ ਤੁਸੀਂ ਕਾਰਟੂਨਿੰਗ ਕਿਉਂ ਨਹੀਂ ਕਰਦੇ , ਅਜਿਹੀ ਗੱਲ ਮੇਰੇ ਚਿੱਤ ਚੇਤੇ ਵੀ ਨਹੀਂ ਸੀ ਕੀ ਸੱਚਮੁੱਚ ਮੇਰੀ ਡਰਾਇੰਗ ਏਨੀ ਵਧੀਆ ਹੈ ਕਿ ਮੈਂ ਕਾਰਟੂਨਿੰਗ ਕਰ ਸਕਦਾ ਹਾਂ । ਅੰਕਲ ਦੀ ਗੱਲ ਨੇ ਮੈਨੂੰ ਇੱਕ ਨਵਾਂ ਰਾਹ ਦਿਖਾਇਆ ਤੇ ਮੈਂ ਉਦੋਂ ਹੀ ਹਾਂ ਵਿੱਚ ਸਿਰ ਹਿਲਾਉਂਦਿਆਂ ਅੰਕਲ ਨੂੰ ਕਿਹਾ ਕਿ ਮੈਂ ਕਾਰਟੂਨਿੰਗ ਵੀ ਕਰ ਸਕਦਾ ਹਾਂ । ਅੰਕਲ ਨੇ ਕਿਹਾ ਕਿ ਤੁਸੀਂ ਕਾਰਟੂਨ ਬਣਾ ਕੇ ਲਿਆਓ ਮੈਂ ਤੁਹਾਨੂੰ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸਰਦਾਰ ਗੁਲਜ਼ਾਰ ਸਿੰਘ ਸੰਧੂ ਨਾਲ ਮਿਲਾ ਦੇਵਾਂਗਾ । ਹੁਣ ਮੈਂ ਹਫ਼ਤਾ ਕੁ ਅਖ਼ਬਾਰਾਂ ਵਿੱਚ ਛੱਪ ਰਹੇ ਕਾਰਟੂਨ ਦੇ ਉਪਰ ਫੋਕਸ ਕਰਨਾ ਸ਼ੁਰੂ ਕਰ ਦਿੱਤਾ । ਉਦੋਂ ਅਖਬਾਰਾਂ ਵਿੱਚ ਕਾਰਟੂਨਿਸਟ ਜਸਪਾਲ ਭੱਟੀ ਕਾਰਟੂਨਿਸਟ, ਰੰਗਾ ਕਾਰਟੂਨਿਸਟ , ਪ੍ਰਵੇਜ਼ ਅਤੇ ਹੋਰ ਕਈਆਂ ਦੇ ਕਾਰਟੂਨ ਛਪਦੇ ਸਨ ਪ੍ਰੰਤੂ ਮੈਨੂੰ ਜਸਪਾਲ ਭੱਟੀ ਜੀ ਦਾ ਸਟਾਈਲ ਅਤੇ ਸਟਾਇਰ ਬਹੁਤ ਵਧੀਆ ਲੱਗਾ । ਉਨ੍ਹਾਂ ਦੇ ਕਾਰਟੂਨਾਂ ਤੋਂ ਕੁਝ ਗਾਈਡਲਾਈਨਜ਼ ਲੈ ਕੇ ਕਾਰਟੂਨ ਬਣਾਉਣ ਦੇ ਯਤਨ ਕੀਤੇ. ਅਤੇ ਉਹ ਕਾਰਟੂਨ ਨੂੰ ਲੈ ਕੇ ਮੈਂ ਬਾਲੀ ਅੰਕਲ ਨੂੰ ਮਿਲਣ ਟ੍ਰਿਬਿਊਨ ਆਫਿਸ ਚਲਾ ਗਿਆ ।ਜਿੱਥੇ ਉਨ੍ਹਾਂ ਨੇ ਮੈਨੂੰ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸਰਦਾਰ ਗੁਲਜ਼ਾਰ ਸਿੰਘ ਸੰਧੂ ਨਾਲ ਮਿਲਵਾਇਆ । ਮੈਂ ਆਪਣਾ ਪਹਿਲਾ ਕਾਰਟੂਨ ਨੂੰ ਐਡੀਟਰ ਸਾਹਿਬ ਨੂੰ ਦਿਖਾਇਆ ।ਉਨ੍ਹਾਂ ਨੇ ਮੈਨੂੰ ਬਾਲੀ ਸਾਹਿਬ ਦੀ ਹਾਜ਼ਰੀ ਵਿੱਚ ਕਾਰਟੂਨ ਅੰਦਰ ਕੁਝ ਸੁਧਾਰਾਂ ਦੇ ਸੰਕੇਤ ਦੱਸ ਕੇ ਕਾਰਟੂਨ ਵਾਪਸ ਕਰ ਦਿੱਤਾ ।ਕਾਰਟੂਨਿੰਗ ਲਈ ਕੀ ਕੀ ਨੁਕਤੇ ਹਨ ਇਹ ਵੀ ਸੰਧੂ ਸਾਹਿਬ ਨੇ ਮੈਨੂੰ ਉਦੋਂ ਖੜ੍ਹਿਆਂ ਖੜ੍ਹਿਆਂ ਹੀ ਦੱਸ ਦਿੱਤੇ । ਉਨ੍ਹਾਂ ਨੁਕਤਿਆਂ ਨੂੰ ਮੈਂ ਫਾਲੋ ਕਰਕੇ ਫੇਰ ਕਾਰਟੂਨ ਬਣਾ ਕੇ ਐਡੀਟਰ ਸਾਹਿਬ ਨੂੰ ਮਿਲਣ ਗਿਆ ।ਇਹ ਕਾਰਟੂਨ ਵੀ ਐਡੀਟਰ ਸਾਹਿਬ ਨੂੰ ਪਸੰਦ ਨਾ ਆਇਆ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ , ਚਾਰ ਪੰਜ ਵਾਰ ਕਾਰਟੂਨ ਦੀ ਰਿਜੈਕਸ਼ਨ ਤੋਂ ਬਾਅਦ ਇੱਕ ਕਾਰਟੂਨ ਐਡੀਟਰ ਸਾਹਿਬ ਨੂੰ ਪਸੰਦ ਆ ਗਿਆ ਜੋ ਕਿ ਪੰਜਾਬ ਦੇ ਮਿਲੀਟੈਂਸੀ ਦੌਰ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਦਾਰੂ ਦੇ ਠੇਕਿਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਦੇ ਸਬੰਧ ਵਿੱਚ ਸੀ । ਉਨ੍ਹਾਂ ਨੇ ਉਹ ਕਾਰਟੂਨ ਰੱਖ ਲਿਆ ਅਤੇ ਕੁਝ ਨਾ ਕਿਹਾ ਮੈਂ ਸੱਤ ਸ੍ਰੀ ਅਕਾਲ ਬੁਲਾ ਕੇ ਐਡੀਟਰ ਸਾਹਿਬ ਦੇ ਕਮਰੇ ਚੋਂ ਬਾਹਰ ਆ ਗਿਆ ।ਅਗਲੇ ਦਿਨ ਸਵੇਰੇ ਪੌਣੇ ਕੁ ਸੱਤ ਵਜੇ ਜਦੋਂ ਮੈਂ ਸੌਂ ਰਿਹਾ ਸੀ ਤਾਂ ਮੇਰੇ ਮੰਮੀ ਨੇ ਕਿਹਾ ਕਿ ਦਵਿੰਦਰ ਤੂੰ ਤਾਂ ਪੰਜਾਬੀ ਟ੍ਰਿਬਿਊਨ ਦਾ ਕਾਰਟੂਨਿਸਟ ਬਣ ਗਿਆ ਹੈ । ਆਹ ਦੇਖ ਪਹਿਲੇ ਸਫੇ ਤੇ ਨੁੱਕਰ ਵਿੱਚ’ ‘ ਨੇੜੇ ਤੇੜੇ ‘ ਦੇ ਕਾਲਮ ਵਿੱਚ ਤੇਰਾ ਕਾਰਟੂਨ ਛਪਿਆ ਹੋਇਆ ਹੈ । ਇਹ ਸੁਣ ਕੇ ਮੈਨੂੰ ਐਨੀ ਖੁਸ਼ੀ ਹੋਈ ਕਿ ਮੈਂ ਅੱਖਰਾਂ ਵਿੱਚ ਬਿਆਨ ਨਹੀਂ ਕਰ ਸਕਦਾ ।ਜਿੱਥੇ ਮੈਂ ਸਤਿਗੁਰਾਂ ਦਾ ਸ਼ੁਕਰ ਕੀਤਾ ਉੱਥੇ ਆਪਣੇ ਅੰਕਲ ਸ੍ਰੀ ਰਮੇਸ਼ ਚੰਦਰ ਬਾਲੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਗਾਈਡੈਂਸ ਸਦਕਾ ਮੈਂ ਪੰਜਾਬੀ ਟ੍ਰਿਬਿਊਨ ਵਿੱਚ ਕਾਰਟੂਨਿਸਟ ਬਣ ਸਕਿਆ ਅਤੇ ਮੇਰਾ ਕੰਮ ਪਾਠਕਾਂ ਨੇ ਕਾਫੀ ਪਸੰਦ ਵੀ ਕੀਤਾ ।ਇਹ ਪੀਸ ਮੈਂ ਅੱਜ ਇਸ ਕਰ ਕੇ ਲਿਖ ਰਿਹਾ ਹਾਂ ਕਿ ਮੇਰੇ ਪਿਤਾ ਜੀ ਦਾ ਕੱਲ ਯਾਨੀ ਕਿ 10 ਅਕਤੂਬਰ ਨੂੰ ਜਨਮ ਦਿਨ ਸੀ ਅਤੇ ਮੇਰੇ ਅੰਕਲ ਰਮੇਸ਼ ਚੰਦਰ ਬਾਲੀ ਪਿਛਲੇ ਹਫਤੇ ਹੀ ਅਕਾਲ ਚਲਾਣਾ ਕਰ ਗਏ ਇਹ ਪੀਸ ਉਨ੍ਹਾਂ ਦੀ ਯਾਦਾਂ ਨੂੰ ਸਮਰਪਿਤ ਹੈ ।ਹਾਸਾ ਠੱਠਾ , ਨਿਰਮਲ ਮਨ, ਬਿਨਾਂ ਕਿਸੇ ਲਾਲਚ ਤੋਂ ਇੱਕ ਦੂਜੇ ਦੀ ਮਦਦ ਕਰਨਾ ਇਹ ਮੈਂ ਆਪਣੇ ਅੰਕਲ ਅਤੇ ਪਿਤਾ ਜੀ ਦੇ ਸੁਭਾਅ ਵਿੱਚ ਬਹੁਤ ਨੇੜਿਓਂ ਤੱਕਿਆ ਹੈ । ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਅਸੀਂ ਵੀ ਸਾਰੇ ਇਸ ਤਰ੍ਹਾਂ ਦੀਆਂ ਹੀ ਰੂਹਾਂ ਬਣ ਜਾਈਏ , ਅਜਿਹੇ ਹੀ ਸੁਭਾਅ ਦੀ ਸੌਗਾਤ ਨਾਲ ਸਤਿਗੁਰ ਸਾਡੀ ਵੀ ਝੋਲੀ ਭਰ ਦੇਣ, ।