ਮਾਨਸਾ 4ਅਕਤੂਬਰ( ਵਿਸ਼ਵ ਵਾਰਤਾ )- ਜ਼ਮੀਨ ਅਤੇ ਸਰਕਾਰੀ ਖਰੀਦ ਮੰਡੀਆਂ ਬਚਾਉਣ ਦੇ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਦੂਜੇ ਸ਼ਹੀਦ ਵਜ਼ੀਰ ਸਿੰਘ ਕਿਸ਼ਨਗੜ੍ਹ (70) ਦਾ ਉਨ੍ਹਾਂ ਦੇ ਜੱਦੀ ਪਿੰਡ ਕਿਸ਼ਨਗੜ੍ਹ ਦੇ ਸਮਸ਼ਾਨਘਾਟ ਵਿੱਚ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਉਂ ਹੀ ਬਠਿੰਡਾ ਦੇ ਹਸਪਤਾਲ ਵਿੱਚੋਂ ਵਜ਼ੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਨਾਅਰਿਆਂ ਨਾਲ ਅਸਮਾਨ ਗੂੰਜ਼ ਉਠਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਆਪੋ ਆਪਣੀ ਜਥੇਬੰਦੀ ਦੇ ਝੰਡੇ ਸਨਮਾਨ ਵਜੋਂ ਵਜ਼ੀਰ ਸਿੰਘ ਦੀ ਦੇਹ ‘ਤੇ ਪਾਏ ਗਏ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ, ਜੋ ਕਿਸਾਨ ਵਿਰੋਧੀ ਕਾਨੂੰਨ ਬਣਾਏ ਗਏ ਹਨ, ਉਸਦੇ ਖਿਲਾਫ 15 ਸਤੰਬਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਘਰ ਅੱਗੇ ਪਿੰਡ ਬਾਦਲ ਵਿੱਚ ਮੋਰਚਾ ਲਾਇਆ ਹੋਇਆ ਸੀ। 22 ਸਤੰਬਰ ਦੀ ਸ਼ਾਮ ਨੂੰ ਮੋਰਚੇ ਦੀ ਸਮਾਪਤੀ ਤੋਂ ਬਾਅਦ ਜਦੋਂ ਪਿੰਡ ਕਿਸ਼ਨਗੜ੍ਹ ਦੇ ਕਿਸਾਨਾਂ ਦੀ ਬੱਸ ਕੋਟਫੱਤਾ ਪਿੰਡ ਨੇੜੇ ਪੁੱਜੀ ਤਾਂ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ – ਘੱਟ ਇਕੱਲੇ ਕਿਸ਼ਨਗੜ੍ਹ ਪਿੰਡ ਦੇ 12 ਵਿਅਕਤੀ ਫੱਟੜ ਹੋ ਸਨ, ਜਿਨ੍ਹਾਂ ਵਿੱਚੋਂ ਮੁਖਤਿਆਰ ਸਿੰਘ ਕਿਸ਼ਨਗੜ੍ਹ ਦੀ ਉਸੇ ਹੀ ਦਿਨ ਮੌਤ ਹੋ ਗਈ ਸੀ, ਜਦੋਂ ਕਿ ਵਜ਼ੀਰ ਸਿੰਘ ਅਤੇ ਉਸ ਦੇ ਹੋਰ ਫੱਟੜ ਸਾਥੀਆਂ ਦਾ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਮੈਕਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਕੁੱਝ ਦਿਨ ਪਹਿਲਾਂ ਵਜੀਰ ਸਿੰਘ ਨੂੰ ਖਤਮ ਹੋਇਆ ਕਹਿ ਕੇ ਡਾਕਟਰਾਂ ਨੇ ਵੈਟੀਲੇਟਰ ‘ਤੇ ਲਾ ਦਿੱਤਾ ਸੀ, ਜਿਸ ਨੂੰ ਕੱਲ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਜਿੰਨਾਂ ਦਾ ਅੱਜ ਜਥੇਬੰਦਕ ਮਾਣ-ਸਨਮਾਨ ਨਾਲ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਗੋਬਿੰਦਪੁਰਾ, ਸੋਹਨ ਸਿੰਘ, ਅਮਰੀਕ ਸਿੰਘ ਕਿਸ਼ਨਗੜ੍ਹ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕੁਲਵੰਤ ਸਿੰਘ ਕਿਸ਼ਨਗੜ੍ਹ, ਦਲਬਾਰਾ ਸਿੰਘ ਕਿਸ਼ਨਗੜ੍ਹ ਤੋਂ ਇਲਾਵਾ, ਉਗਰਾਹਾਂ ਦੇ ਵਰਕਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸੇ ਦੌਰਾਨ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਨੇ ਦੋ ਯੋਧਿਆਂ ਦੀਆਂ ਜਾਨਾਂ ਲੈ ਲਈਆਂ ਹਨ, ਪਰ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਪਿੰਡ ਕਿਸ਼ਨਗੜ੍ਹ ਦੇ ਮੁਖਤਿਆਰ ਸਿੰਘ ਅਤੇ ਵਜੀਰ ਸਿੰਘ ਦੀਆਂ ਸ਼ਹੀਦੀਆਂ ਕਿਸਾਨ ਜਮਾਤ ਲਈ ਸਹਾਈ ਹੋਣਗੀਆਂ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਵਿੱਚ ਪਏ ਹੋਰ ਫੱਟੜ ਕਿਸਾਨਾਂ ਦਾ ਇਲਾਜ ਤਸੱਲੀਬਖਸ਼ ਕਰਵਾਇਆ ਜਾਵੇ।