ਕਿਸਾਨ ਡੱਬੀ ਦੀ ਤੀਲੀ ਨਹੀਂ, ਖੇਤੀ ਮਸ਼ੀਨਾਂ ਵਰਤਣ-ਡਿਪਟੀ ਕਮਿਸ਼ਨਰ
ਅੰਮਿ੍ਰਤਸਰ, 3 ਅਕਤੂਬਰ (ਵਿਸ਼ਵ ਵਾਰਤਾ)-ਕੋਵਿਡ-19 ਸੰਕਟ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਕੋਵਿਡ-19 ਸੰਕਟ ਦਾ ਹਵਾਲਾ ਦਿੰਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਧੂੰਏ ਨਾਲ ਫੇਫੜਿਆਂ ਉਤੇ ਅਸਰ ਪੈਂਦਾ ਹੈ ਅਤੇ ਕੋਵਿਡ ਵੀ ਫੇਫੜਿਆਂ ਉਤੇ ਸਿੱਧਾ ਅਸਰ ਕਰਦਾ ਹੈ। ਜੇਕਰ ਪਰਾਲੀ ਸਾੜਨ ਨਾਲ ਧੂੰਆਂ ਕੀਤਾ ਤਾਂ ਇਹ ਸਾਰੇ ਪੰਜਾਬ ਵਿਚ ਫੈਲ ਜਾਣਾ, ਜਿਹੜੇ ਇਸ ਵੇਲੇ ਕੋਵਿਡ ਨਾਲ ਬਿਮਾਰ ਹੋਣਗੇ ਉਨਾਂ ਉਤੇ ਇਸ ਧੂੰਏ ਦਾ ਮਾਰੂ ਅਸਰ ਪਵੇਗਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਧਰਤੀ ਨੂੰ ਅਤੇ ਆਪਣੇ ਮਿਤਰ ਕੀੜਿਆਂ ਨੂੰ ਬਚਾਉਣ ਵਾਸਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਤੁਸੀਂ ਇਸ ਲਈ ਸਾਡੇ ਕੋਲੋਂ ਮਸੀਨਾਂ ਲਵੋ ਹੈਪੀ ਸੀਡਰ ਵਰਤੋ ਅਤੇ ਕਣਕ ਬੀਜੋ। ਇਸ ਨਾਲ ਖਰਚਾ ਵੀ ਘੱਟ ਆਵੇਗਾ ਅਤੇ ਝਾੜ ਵੀ ਵੱਧ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦੇ ਕਿਹਾ ਕਿ ਸਾਡੇ ਕੋਲ ਬੜੀਆਂ ਵਧੀਆ ਮਸ਼ੀਨਾਂ ਜਿਲੇ ਵਿਚ ਹਨ, ਜੋ ਪਰਾਲੀ ਸਾਂਭ-ਸੰਭਾਲ ਲਈ ਕੰਮ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਪਰਾਲੀ ਨੂੰ ਸਾਂਭਣ ਲਈ ਅੱਗ ਨਾ ਲਗਾਉ ਸਗੋਂ ਮਸ਼ੀਨਾਂ ਦੀ ਵਰਤੋਂ ਕਰਕੇ ਖੇਤਾਂ ਵਿਚ ਮਿਲਾਉ। ਉਨਾਂ ਕਿਹਾ ਕਿ ਪਹਿਲਾਂ ਤਾਂ ਕੰਬਾਇਨ ਉਹੀ ਵਰਤੋ ਜਿਸ ਵਿਚ ਐਸ ਐਮ ਐਸ ਲੱਗਾ ਹੋਵੇ, ਫਿਰ ਸਬਸਿਡੀ ਉਤੇ ਦਿੱਤੀਆਂ ਮਸ਼ੀਨਾਂ ਬੇਲਰ, ਮਲਚਰ, ਹੈਪੀ ਸੀਡਰ ਆਦਿ ਤੁਹਾਡੇ ਕੋਲ ਹਨ। ਕਈ ਮਸ਼ੀਨਾਂ ਬੜੇ ਸਸਤੇ ਰੇਟ ਉਤੇ ਕਿਰਾਏ ਲਈ ਵੀ ਮੌਜੂਦ ਹਨ, ਤੁਸੀਂ ਇਹ ਵਰਤ ਸਕਦੇ ਹੋ। ਅੱਗ ਲਗਾ ਕੇ ਜਮੀਨਾਂ ਅਤੇ ਵਾਤਾਵਰਣ ਬਰਬਾਦ ਨਾ ਕਰੋ, ਬਲਕਿ ਇਸ ਪਰਾਲੀ ਦੀ ਵਰਤੋਂ ਜ਼ਮੀਨ ਨੂੰ ਉਪਜਾਊ ਬਨਾਉਣ ਲਈ ਕਰੋ।























