-ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ 3.27 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ 45 ਖੇਡ ਸਟੇਡੀਅਮ-ਧਰਮਸੋਤ
-ਪਹਿਲੇ ਪੜਾਅ ਤਹਿਤ 9 ਪਿੰਡਾਂ ‘ਚ ਖੇਡ ਮੈਦਾਨ ਤਿਆਰ ਕਰਕੇ ਨੌਜਵਾਨਾਂ ਨੂੰ ਸਮਰਪਿਤ
-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ-ਧਰਮਸੋਤ
-ਜ਼ੀ ਇੰਟਰਟੇਨਮੈਂਟ ਵੱਲੋਂ ਦਿੱਤੀਆਂ 4 ਐਂਬੂਲੈਂਸਾਂ ਹਰੀ ਝੰਡੀ ਦੇ ਕੇ ਸਿਹਤ ਵਿਭਾਗ ਨੂੰ ਸੌਂਪੀਆਂ
ਪਟਿਆਲਾ, 2 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਵਾਸਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ 3.27 ਕਰੋੜ ਰੁਪਏ ਦੀ ਲਾਗਤ ਨਾਲ ਅਤਿਆਧੁਨਿਕ ਸਹੂਲਤਾਂ ਵਾਲੇ 45 ਖੇਡ ਸਟੇਡੀਅਮ ਤੇ ਮੈਦਾਨਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 151ਵੇਂ ਜਨਮ ਦਿਨ ਮੌਕੇ ਮਿਸ਼ਨ ਤੰਦੁਰਸਤ ਪੰਜਾਬ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਭਰ ‘ਚ 750 ਖੇਡ ਸਟੇਡੀਅਮਾਂ ਦੀ ਉਸਾਰੀ ਆਨਲਾਈਨ ਵੈਬ ਕਾਨਫਰੰਸ ਰਾਹੀਂ ਸ਼ੁਰੂ ਕਰਵਾਉਣ ਦੀ ਕੜੀ ਤਹਿਤ ਪਟਿਆਲਾ ਵਿਖੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ 9 ਪਿੰਡਾਂ ‘ਚ ਬਣਾਏ ਅਜਿਹੇ ਖੇਡ ਸਟੇਡੀਅਮਾਂ ਨੂੰ ਰਸਮੀ ਤੌਰ ‘ਤੇ ਨੌਜਵਾਨਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸ. ਧਰਮਸੋਤ ਨੇ ਜ਼ੀ ਇੰਟਰਟੇਨਮੈਂਟ ਐਂਟਰਪ੍ਰਾਈਜਜ਼ ਲਿਮਟਿਡ (ਜ਼ੇਈਈ) ਵੱਲੋਂ ਸਿਹਤ ਵਿਭਾਗ ਨੂੰ ਸੌਂਪੀਆਂ 4 ਐਂਬੂਲੈਂਸਾਂ ਵੀ ਸਿਵਲ ਸਰਜਨ ਦਫ਼ਤਰ ਨੂੰ ਸੌਂਪਣ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤੀਆਂ।
ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਾਦੇ ਸਮਾਰੋਹ ਦੌਰਾਨ ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਅੰਦਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪ੍ਰਤੀ ਬਲਾਕ 5 ਪਿੰਡਾਂ ਅੰਦਰ ਖੇਡ ਮੈਦਾਨ ਤੇ ਸਟੇਡੀਅਮਾਂ ਦੀ ਉਸਾਰੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਗ੍ਰਾਮ ਪੰਚਾਇਤਾਂ ਵੱਲੋਂ ਮੁਹੱਈਆ ਕਰਵਾਈ ਗਈ ਜਗ੍ਹਾ ਵਿੱਚ ਇੱਕ ਏਕੜ ਵਾਲੇ ਖੇਡ ਸਟੇਡੀਅਮ ‘ਤੇ 12 ਲੱਖ ਰੁਪਏ ਅਤੇ 4 ਏਕੜ ਵਾਲੇ ਸਟੇਡੀਅਮ ਲਈ 24 ਲੱਖ ਰੁਪਏ ਖ਼ਰਚੇ ਜਾਣਗੇ, ਜਿੱਥੇ ਕਬੱਡੀ, ਵਾਲੀਵਾਲ, ਬਾਸਕਿਟ ਬਾਲ, ਫੁੱਟਬਾਲ, ਬੈਡਮਿੰਟਨ, ਓਪਨ ਜਿੰਮ, ਅਥਲੈਟਿਕਸ ਟਰੈਕ ਆਦਿ ਬਣਾਏ ਜਾਣਗੇ।
ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਾਂਧੀ ਜੈਯੰਤੀ ਮੌਕੇ ਪਟਿਆਲਾ ਜ਼ਿਲ੍ਹੇ ਨੂੰ ਇਹ ਤੋਹਫ਼ਾ ਦਿੱਤਾ ਗਿਆ ਹੈ, ਜਿਸ ਦੇ ਪਹਿਲੇ ਪੜਾਅ ਤਹਿਤ ਪਟਿਆਲਾ ਦੇ ਪਿੰਡਾਂ ਭੁੱਨਰਹੇੜੀ, ਜੰਗਪੁਰਾ, ਢੀਂਗੀ, ਮਾਜਰੀ, ਨਾਈਵਾਲਾ, ਬੋਸਰਕਲਾਂ, ਲੋਹਸਿੰਬਲੀ, ਝੰਡੀ ਅਤੇ ਸੈਦਖੇੜੀ ਵਿਖੇ ਖੇਡ ਸਟੇਡੀਅਮ ਬਣਾਏ ਗਏ ਹਨ ਜਦਕਿ ਦੂਜੇ ਪੜਾਅ ਤਹਿਤ 9 ਹੋਰ ਖੇਡ ਮੈਦਾਨ ਅਗਲੇ ਕੁਝ ਦਿਨਾਂ ‘ਚ ਨੌਜਵਾਨਾਂ ਨੂੰ ਸਮਰਪਿਤ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਿਸ ਪ੍ਰਕਾਰ ਪੰਜਾਬ ਦੇ ਨੌਜਵਾਨਾਂ ‘ਚ ਜੋਸ਼ ਹੈ ਉਸ ਤੋਂ ਉਨ੍ਹਾਂ ਨੂੰ ਉਮੀਦ ਹੈ ਕਿ ਨੌਜਵਾਨ ਨਸ਼ਿਆਂ ਤੋਂ ਬਚਕੇ ਜਿੱਥੇ ਖ਼ੁਦ ਤੰਦਰੁਸਤ ਰਹਿਣਗੇ ਉਥੇ ਖੇਡਾਂ ਦੇ ਖੇਤਰ ‘ਚ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪੰਜਾਬ ਦਾ ਨਾਮ ਵੀ ਰੌਸ਼ਨ ਕਰਨਗੇ। ਜ਼ੀ ਇੰਟਰਟੇਨਮੈਂਟ (ਜ਼ੇਈਈ) ਵੱਲੋਂ ਸੀਐਸਆਰ ਮੁਹਿੰਮ ਤਹਿਤ ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਸੌਂਪੀਆਂ 4 ਐਂਬੂਲੈਂਸਾਂ ਸੌਂਪਣ ਦੀ ਸ਼ਲਾਘਾ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਇਸ ਨਾਲ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ‘ਚ ਹੋਰ ਵੀ ਸਹਾਇਤਾ ਮਿਲੇਗੀ।
ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਨਕਾਰ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਆਪਣਾ ਬਣਦਾ ਫ਼ਰਜ਼ ਬਾਖੂਬੀ ਨਿਭਾਏਗੀ।
ਸ. ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ‘ਜੈ ਕਿਸਾਨ ਅਤੇ ਜੈ ਜਵਾਨ’ ਦੇ ਦਿੱਤੇ ਨਾਅਰੇ ਨੂੰ ਹਮੇਸ਼ਾ ਬੁਲੰਦ ਕੀਤਾ ਹੈ, ਇਸੇ ਤਹਿਤ ਕਿਸਾਨਾਂ ਦੀ ਹਮਾਇਤ ਕਰਨ ਲਈ ਅਗਲੇ ਦਿਨਾਂ ਦੌਰਾਨ ਸ੍ਰੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਰ ‘ਚ ਟ੍ਰੈਕਟਰ ਰੈਲੀਆਂ ‘ਚ ਸ਼ਾਮਲ ਹੋਣਗੇ, ਜਿਸ ਨਾਲ ਕਿਸਾਨੀ ਦੇ ਅੰਦੋਲਨ ਨੂੰ ਬਲ ਮਿਲੇਗਾ।
ਸ. ਧਰਮਸੋਤ ਨੇ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਨੂੰ ਸਿਆਸੀ ਢਕਵੰਜ ਦਸਦਿਆਂ ਕਿਹਾ ਕਿ ਪਹਿਲਾਂ ਇਹ ਲੋਕ ਕੁਰਸੀ ਨੂੰ ਪਿਆਰ ਕਰਦੇ ਹੋਏ ਮੋਦੀ ਦੇ ਹੱਕ ‘ਚ ਬੋਲਦੇ ਰਹੇ ਪਰੰਤੂ ਜਦੋਂ ਲੋਕਾਂ ਦਾ ਵਿਰੋਧ ਦੇਖਿਆ ਤਾਂ ਹੁਣ ਪਾਸਾ ਪਲਟ ਲਿਆ, ਜਿਸ ਕਰਕੇ ਪੰਜਾਬ ਦੇ ਲੋਕ ਇਨ੍ਹਾਂ ਦੀ ਹਕੀਕਤ ਤੋਂ ਭਲੀ ਭਾਂਤ ਜਾਣੂ ਹਨ।
ਇਸ ਆਨਲਾਈਨ ਸਮਾਰੋਹ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਸ. ਸੰਤੋਖ ਸਿੰਘ, ਪੰਜਾਬ ਲਾਰਜ ਇੰਡਸਟਰੀ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਕੇ.ਕੇ. ਸਹਿਗਲ, ਪਨਗਰੇਨ ਦੇ ਡਾਇਰੈਕਟਰ ਸ੍ਰੀ ਰਜਨੀਸ਼ ਸ਼ੋਰੀ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸ਼ਨ ਸ੍ਰੀਮਤੀ ਰਾਜ ਕੌਰ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਯੂਥ ਕਾਂਗਰਸ ਪ੍ਰਧਾਨ ਸ੍ਰੀ ਸੰਜੀਵ ਸ਼ਰਮਾ, ਜ਼ੀ ਇੰਟਰਟੇਨਮੈਂਟ (ਜ਼ੇਈਈ) ਦੇ ਰਿਸੋਰਸ ਐਂਡ ਸਟਰੈਟਿਜ਼ੀ ਦੇ ਹੈਡ ਸ੍ਰੀ ਅਮਨਜੋਤ ਸਿੰਘ ਜੱਲਾਵਾਲਾ, ਪੀਏ ਸ. ਧਰਮਸੋਤ ਸ. ਕਾਬਲ ਸਿੰਘ ਅਤੇ ਸਰਪੰਚ ਪ੍ਰਕਾਸ਼ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ) ਸ. ਜਗਨੂਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ. ਰੂਪ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਸੁਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਸਾਸ਼ਵਤ ਰਾਜਦਾਨ, ਏ.ਪੀ.ਓ. ਸ੍ਰੀ ਵਿਜੇ ਧੀਰ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਪੰਜਾਬ ਦੇ ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ, ਪੜ੍ਹੋ ਪੂਰੀ ਖ਼ਬਰ ਚੰਡੀਗੜ, 3 ਮਈ...