ਮਾਨਸਾ ਵਿਖੇ ਰੇਲ ਪਟੜੀਆਂ ਉਤੇ ਲਗਾਤਾਰ ਦੂਸਰੇ ਦਿਨ ਦਿੱਲੀ ਨੂੰ ਜਾਂਦਾ-ਆਉਦਾ ਰਾਹ ਰੋਕੀ ਬੈਠੇ ਧਰਨਾਕਾਰੀਆਂ ਵਿਚ ਬੈਠੀਆਂ ਕਿਸਾਨ ਬੀਬੀਆਂ
ਲਗਾਤਾਰ ਦੂਸਰੇ ਦਿਨ ਕਿਸਾਨ ਪਟੜੀਆਂ ‘ਤੇ ਡੱਟੇ
ਕਿਸਾਨਾਂ ਨੇ ਜਾਨਹੂਲਵੇ ਸੰਘਰਸ਼ਾਂ ਦੀਆਂ ਝੜੀਆਂ ਲਾਉਣ ਦਾ ਦਿੱਤਾ ਸੱਦਾ
ਮਾਨਸਾ 2 ਅਕਤੂਬਰ (ਵਿਸ਼ਵ ਵਾਰਤਾ)-ਖੇਤੀ ਕਾਨੂੰਨ ਨੂੰ ਸੰਸਦ ਵਿੱਚ ਧੱਕੇ ਨਾਲ ਪਾਸ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੁਆਰਾ ਅੱਜ ਦਿੱਲੀ ਨੂੰ ਜਾਂਦੇ ਸਾਰੇ ਰਾਹ ਰੋਕ ਲਏ । ਮਾਨਸਾ ਦੀਆਂ ਰੇਲ ਪਟੜੀਆਂ ਉਤੇ ਲਗਾਤਾਰ ਦੂਸਰੇ ਦਿਨ 31 ਕਿਸਾਨ ਜਥੇਬੰਦੀਆਂ ਵੱਲੋਂ ਦਿਨ-ਰਾਤ ਦਾ ਧਰਨਾ ਦੇਕੇ ਮੋਦੀ ਹਕੂਮਤ ਵਿਰੁੱਧ ਮੁਰਦਾਬਾਦ ਕੀਤੀ ਗਈ।ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਕਿਸਾਨਾਂ ਦੀ ਬਰਬਾਦੀ ਵਾਲੇ ਕਾਨੂੰਨ ਤੁਰੰਤ ਰੱਦ ਕਰੇ।ਜਥੇਬੰਦੀ ਨੇ ਮੰਚ ਤੋਂ ਐਲਾਨ ਕੀਤਾ ਕਿ ਮਾਨਸਾ ਵਰਗੇ ਰੇਲ ਪਟੜੀਆਂ ‘ਤੇ ਧਰਨੇ ਪੰਜਾਬ ਦੇ ਵੱਖ-ਵੱਖ ਰੇਲਵੇ ਲਾਈਨਾਂ ਉਤੇ ਲਾਏ ਹੋਏ ਹਨ, ਜਿਸ ਲਈ ਜਥੇਬੰਦੀਆਂ ਅੜੀਆਂ ਹੋਈਆਂ ਕਿ ਖੇਤੀ ਬਿਲਾਂ ਸਬੰਧੀ ਹੋਈਆਂ ਧੱਕੇਸ਼ਾਹੀਆਂ ਨੂੰ ਹੁਣ ਰੱਦ ਕਰਵਾਕੇ ਹੀ ਦਮ ਲਿਆ ਜਾਵੇਗਾ।
ਭਾਰੀ ਗਿਣਤੀ ਵਿੱਚ ਨੌਜਵਾਨਾਂ,ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਨ੍ਹੇ ਮੋਦੀ ਭਗਤਾਂ ਨੂੰ ਥਾਂ-ਥਾਂ ਘੇਰਕੇ ਲਾ-ਜਵਾਬ ਕੀਤਾ ਗਿਆ ਹੈ।ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ-ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀ ਯੋਗ ਜ਼ਮੀਨਾਂ ਹਥਿਆਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ ਅਤੇ ਛੋਟੀ-ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ।ਉਨ੍ਹਾਂ ਦਾਅਵਾ ਕੀਤਾ ਕਿ ਅਣਖੀਲੇ-ਜੁਝਾਰੂ ਕਿਸਾਨ, ਮਜ਼ਦੂਰ ਅਤੇ ਸੰਘਰਸ਼ੀ ਲੋਕ ਇਨ੍ਹਾਂ ਕਾਨੂੰਨਾਂ ਵਿਰੁੱਧ ਲੰਬੇ, ਜਾਨਹੂਲਵੇ ਸੰਘਰਸ਼ਾਂ ਦੀ ਝੜੀ ਲਾਕੇ ਮੋਦੀ ਸਰਕਾਰ ਦੀ ਸਿਆਸੀ ਮਿੱਟੀ ਪੈਰਾਂ ਥੱਲੇ ਮਿੱਧ ਦੇਣਗੇ, ਭਾਵੇਂ ਇਸ ਲਈ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ।
ਇਸ ਮੌਕੇ ਹਰਦੇਵ ਸਿੰਘ ਅਰਸ਼ੀ, ਗੋਰਾ ਸਿੰਘ ਭੈਣੀ ਬਾਘਾ,ਬੋਘ ਸਿੰਘ, ਮਨਜੀਤ ਸਿੰਘ ਧਨੇਰ, ਨਿਰਮਲ ਸਿੰਘ ਝੰਡੂਕੇ, ਮੇਜ਼ਰ ਸਿੰਘ ਦੂਲੋਵਾਲ, ਭਜਨ ਸਿੰਘ ਘੁੰਮਣ, ਕੁਲਦੀਪ ਸਿੰਘ ਚੱਕਭਾਈਕੇ , ਮਲੂਕ ਸਿੰਘ ਹੀਰਕੇ ਨੇ ਵੀ ਸੰਬੋਧਨ ਕੀਤਾ।