
ਮਾਨਸਾ ਵਿਖੇ ਹਾਥਰਸ ਕਾਂਡ ਦੇ ਵਿਰੋਧ ਵੱਜੋਂ ਮੋਦੀ ਅਤੇ ਯੋਗੀ ਦੀ ਅਰਥੀ ਫੂਕਦੇ ਜਥੇਬੰਦੀਆਂ ਦੇ ਆਗੂ ।
ਮਾਨਸਾ, 1 ਅਕਤੂਬਰ (ਵਿਸ਼ਵ ਵਾਰਤਾ)-ਅੱਜ ਇਥੇ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ), ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵਲੋਂ ਹਾਥਰਸ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਦੇ ਖਿਲਾਫ਼ ਸ਼ਹਿਰ ਵਿੱਚ ਜ਼ੋਰਦਾਰ ਰੋਸ ਵਿਖਾਵਾ ਕੀਤਾ ਅਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਜਾਤੀਵਾਦੀ ਬਲਾਤਕਾਰੀਆਂ ਦੀ ਸਰਪ੍ਰਸਤੀ ਕਰ ਰਹੀ ਯੋਗੀ ਤੇ ਮੋਦੀ ਸਰਕਾਰ ਦੀ ਅਰਥੀ ਸਾੜੀ।
ਚੌਂਕ ਵਿਖੇ ਹੋਈ ਰੈਲੀ ਨੂੰ ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਜਸਬੀਰ ਕੌਰ ਨੱਤ, ਨਰਿੰਦਰ ਕੌਰ ਬੁਰਜ ਹਮੀਰਾ, ਬਲਵਿੰਦਰ ਕੌਰ ਖਾਰਾ, ਕ੍ਰਿਸ਼ਨਾ ਕੌਰ, ਗੁਰਮੀਤ ਕੌਰ, ਰਮਨਜੀਤ ਕੌਰ, ਕਾਂਤਾ ਤੇ ਬੇਅੰਤ ਕੌਰ ਨੇ, ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ, ਇਨਕਲਾਬੀ ਨੌਜਵਾਨ ਸਭਾ ਵਲੋਂ ਆਰਤੀ ਕੌਰ, ਜਗਤਾਰ ਸਿੰਘ, ਹਰਦਮ ਸਿੰਘ ਅਤੇ ਡਾਕਟਰ ਅੰਬੇਡਕਰ ਰੇੜ੍ਹੀ ਯੂਨੀਅਨ ਦੇ ਪ੍ਰਧਾਨ ਕਾਮਰੇਡ ਜਰਨੈਲ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਫਿਰਕੂ, ਉੱਚ ਜਾਤਪ੍ਰਸਤ ਤੇ ਮਨੂੰਵਾਦੀ ਬੀਜੇਪੀ ਦੇ ਰਾਜ ਵਿੱਚ ਔਰਤਾਂ, ਦਲਿਤਾਂ, ਗਰੀਬ ਤਬਕਿਆਂ ਅਤੇ ਘੱਟਗਿਣਤੀਆਂ ਉਤੇ ਲਗਾਤਾਰ ਵਹਿਸ਼ੀ ਹਮਲੇ ਅਤੇ ਅਣਮਨੁੱਖੀ ਜ਼ੁਲਮ ਹੋ ਰਿਹਾ ਹੈ। ਯੂਪੀ ਦੇ ਹਾਥਰਸ ਜ਼ਿਲ੍ਹੇ ਦੀ ਦਲਿਤ ਲੜਕੀ ਮਨੀਸ਼ਾ ਵਾਲਮੀਕਿ ਨਾਲ ਨਾ ਸਿਰਫ਼ ਪਿੰਡ ਦੇ ਠਾਕੁਰ ਜਾਤੀ ਦੇ ਚਾਰ ਬਦਮਾਸ਼ਾਂ ਨੇ ਨਾਲ ਦਿਨ ਦਿਹਾੜੇ ਬਲਾਤਕਾਰ ਕੀਤਾ, ਬਲਕਿ ਉਸ ਦੇ ਐਨੀ ਬੁਰੀ ਤਰ੍ਹਾਂ ਸੱਟਾਂ ਮਾਰੀਆਂ ਕਿ ਇਲਾਜ ਦੇ ਬਾਵਜੂਦ ਉਸ ਦੀ ਮੌਤ ਹੋ ਗਈ। ਘੋਰ ਦੁੱਖ ਦੀ ਗੱਲ ਇਹ ਹੈ ਕਿ ਲੜਕੀ ਦੇ ਪੀੜਤ ਪਰਿਵਾਰ ਨਾਲ ਹਮਦਰਦੀ ਕਰਨ ਦੀ ਬਜਾਏ ਯੋਗੀ ਸਰਕਾਰ ਦੇ ਹੁਕਮਾਂ ‘ਤੇ ਪੁਲਿਸ ਨੇ ਲੜਕੀ ਦੀ ਲਾਸ਼ ਪਰਿਵਾਰ ਨੂੰ ਦੇਣ ਦੀ ਬਜਾਏ ਉਨ੍ਹਾਂ ਨਾਲ ਸਿਰੇ ਦੀ ਬਦਸਲੂਕੀ ਕਰਦੇ ਹੋਏ ਧੱਕੇ ਨਾਲ ਅੱਧੀ ਰਾਤ ਨੂੰ ਤੇਲ ਪਾ ਕੇ ਲਾਸ਼ ਨੂੰ ਸਾੜ ਦਿੱਤਾ। ਇਹ ਪੀੜਤ ਪਰਿਵਾਰ ਦੇ ਨਾਲ ਨਾਲ ਦੇਸ਼ ਦੇ ਸਮੁੱਚੇ ਦਲਿਤ ਵਰਗ ਤੇ ਔਰਤ ਜਾਤੀ ਦਾ ਘੋਰ ਅਪਮਾਨ ਹੈ। ਬੁਲਾਰਿਆਂ ਨੇ ਕਿਹਾ ਕਿ ਫਾਸੀਵਾਦੀ ਸੰਘ – ਬੀਜੇਪੀ ਦੀ ਸਰਪ੍ਰਸਤੀ ਹੇਠ ਸਮਾਜ ਦੇ ਕਮਜ਼ੋਰ ਤਬਕਿਆਂ ਅਤੇ ਲੋਕ ਪੱਖੀ ਆਗੂਆਂ ਤੇ ਬੁੱਧੀਜੀਵੀਆਂ ਉਤੇ ਹੋ ਰਹੇ ਇੰਨਾਂ ਵਹਿਸ਼ੀ ਹਮਲਿਆਂ ਦਾ ਜਵਾਬ, ਲਾਜ਼ਮੀ ਤੌਰ ‘ਤੇ ਦੇਸ਼ ਦੀ ਜਨਤਾ ਵਲੋਂ ਬੀਜੇਪੀ ਨੂੰ ਸਤਾ ਤੋਂ ਬੇਦਖਲ ਕਰਕੇ ਦਿੱਤਾ ਜਾਵੇਗਾ।






















