ਮੈਕਸ ਹਸਪਤਾਲ ਵਿਖੇ ਦਾਖਲ ਵਜ਼ੀਰ ਸਿੰਘ 8 ਦਿਨਾਂ ਬਾਅਦ ਚੱਲ ਵਸਿਆ
ਕਿਸਾਨ ਜਥੇਬੰਦੀ ਨੇ ਬਾਸ਼ਰਤ ਸੰਸਕਾਰ ਕਰਨ ਦਾ ਐਲਾਨ
ਮਾਨਸਾ 30 ਸਤੰਬਰ( ਵਿਸ਼ਵ ਵਾਰਤਾ)-ਖੇਤੀ ਆਰਡੀਨੈਂਸਾਂ ਵਿਰੁੱਧ ਪਿੰਡ ਬਾਦਲ ਵਿਖੇ ਲੱਗੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਘਰਾਂ ਨੂੰ ਵਾਪਸ ਮੁੜ ਰਹੇ ਕਿਸਾਨਾਂ ਦੀ ਮਿੰਨੀ ਬੱਸ ਇੱਕ ਟਰਾਲੇ ਨਾਲ ਟਕਰਾਉਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਇੱਕ ਕਿਸਾਨ ਮੁਖਤਿਆਰ ਸਿੰ(57) ਪੁੱਤਰ ਮੋਹਲਾ ਸਿੰਘ ਦੀ ਮੌਤ ਹੋ ਗਈ ਸੀ ਅਤੇ 11ਕਿਸਾਨ ਜ਼ਖ਼ਮੀ ਹੋ ਗਏ ਸਨ , ਜਿੰਨ੍ਹਾਂ ਵਿਚੋਂ ਗੰਭੀਰ ਰੂਪ ਵਿਚ ਜ਼ਖ਼ਮੀ ਇਕ ਹੋਰ ਕਿਸਾਨ ਵਜ਼ੀਰ ਸਿੰਘ (70) ਅੱਜ ਦੇਰ ਸ਼ਾਮ ਮੈਕਸ ਹਸਪਤਾਲ ਵਿਖੇ ਚੱਲ ਵਸਿਆ ਹੈ।ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦਾ ਰਹਿਣ ਵਾਲਾ ਸੀ।
ਇਥੇ ਜ਼ਿਕਰਯੋਗ ਹੈ ਕਿ ਇਸ ਪਿੰਡ ਕਿਸ਼ਨਗੜ੍ਹ ਦਾ ਇੱਕ ਕਿਸਾਨ ਮੁਖਤਿਆਰ ਸਿੰਘ ਪੁੱਤਰ ਮੋਹਲਾ ਸਿੰਘ ਬਾਦਲ ਪਿੰਡ ਤੋਂ ਧਰਨੇ ਦੀ ਸਮਾਪਤੀ ਤੋਂ ਬਾਅਦ ਵਾਪਸ ਆਉਂਦਿਆਂ ਦੀ ਬੱਸ ਦੁਰਘਟਨਾ ਵਿੱਚ 22 ਸਤੰਬਰ ਦੀ ਰਾਤ ਨੂੰ ਮੌਤ ਹੋ ਗਈ ਸੀ ਅਤੇ 17 ਕਿਸਾਨ ਜ਼ਖ਼ਮੀ ਹੋ ਗਏ ਸਨ, ਜਿਹੜੇ ਬਠਿੰਡਾ ਦੇ ਮੈਕਸ ਹਸਪਤਾਲ ਅਤੇ ਸਿਵਲ ਹਸਪਤਾਲ ਵਿਖੇ ਦਾਖਲ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਪਾਸੋਂ ਮਿਲੀ ਸੂਚਨਾ ਤੋਂ ਪਤਾ ਲੱਗਿਆ ਹੈ ਕਿ ਇਹ ਕਿਸਾਨ ਉਸ ਦਿਨ ਬਾਦਲ ਪਿੰਡ ਵਿੱਚ ਲੱਗੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਆਪਣੇ ਪਿੰਡ ਕਿਸ਼ਨਗੜ੍ਹ ਨੂੰ ਵਾਪਸ ਆ ਰਹੇ ਸਨ ਕਿ ਬਠਿੰਡਾ-ਮਾਨਸਾ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਕੋਟ ਫੱਤਾ ਨੇੜੇ ਬੱਸ ਇੱਕ ਖੜ੍ਹੇ ਟਰਾਲੇ ਨਾਲ ਟਕਰਾ ਗਈ ।
ਅੱਜ ਦੇਰ ਸ਼ਾਮ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਵਜ਼ੀਰ ਸਿੰਘ ਦੀ ਹਾਲਤ ਲਗਾਤਾਰ ਠੀਕ ਹੀ ਨਹੀਂ ਹੋਈ, ਜਿਸ ਕਾਰਨ ਉਹ ਅੱਜ ਇਸ ਦੁਨੀਆਂ ਤੋਂ ਦੂਰ ਚਲੇ ਗਏ ਹਨ। ਉਨ੍ਹਾਂ ਨੇ ਵਜ਼ੀਰ ਸਿੰਘ ਨੂੰ ਖੇਤੀ ਕਾਨੂੰਨ ਦਾ ਦੂਸਰਾ ਸ਼ਹੀਦ ਕ਼ਰਾਰ ਦਿੱਤਾ ਹੈ।ਇਸ ਤੋਂ ਪਹਿਲਾਂ ਇਸੇ ਪਿੰਡ ਦੇ ਮੁਖਤਿਆਰ ਸਿੰਘ ਨੂੰ ਜਥੇਬੰਦੀ ਨੇ ਪਹਿਲਾ ਸ਼ਹੀਦ ਕ਼ਰਾਰ ਦਿੱਤਾ ਗਿਆ ਹੈ।
ਇਸੇ ਦੌਰਾਨ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ( ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ) ਨੇ ਇਸ ਪੱਤਰਕਾਰ ਨੂੰ ਸੰਪਰਕ ਕਰਨ ‘ਤੇ ਦੱਸਿਆ ਕਿ ਮੁਖਤਿਆਰ ਸਿੰਘ ਤੋਂ ਬਾਅਦ ਹੁਣ ਵਜੀਰ ਸਿੰਘ ਖੇਤੀ ਆਰਡੀਨੈਂਸਾਂ ਵਿਰੁੱਧ ਸੰਘਰਸ਼ ਦਾ ਦੂਜਾ ਸ਼ਹੀਦ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਕਿਸਾਨ
ਹਿਤਾਂ ਨੂੰ ਸਮਰਪਿਤ ਸੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਜਥੇਬੰਦੀ ਵਜ਼ੀਰ ਸਿੰਘ ਦਾ ਉਸ ਸਮੇਂ ਤੱਕ ਅੰਤਿਮ ਸੰਸਕਾਰ ਨਹੀਂ ਕਰੇਗੀ, ਜਿੰਨ੍ਹਾਂ ਸਮਾਂ ਪੰਜਾਬ ਸਰਕਾਰ ਪਰਿਵਾਰ ਨੂੰ 10 ਲੱਖ ਰੁਪਏ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਦੀ ਮੁਆਫੀ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਪੂਰਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਲਈ ਭਲਕੇ ਤੋਂ ਹੀ ਅੰਦੋਲਨ ਵਿੱਢਿਆ ਜਾਵੇਗਾ।