ਪੁਲੀਸ ਵੱਲੋਂ ਪੀੜਤ ਲੜਕੀ ਦੀ ਲਾਸ਼ ਅੱਧੀ ਰਾਤ ਨੂੰ ਤੇਲ ਛਿੜਕਕੇ ਸਾੜਨਾ ਸਿਰੇ ਦਾ ਅਣਮਨੁੱਖੀ ਕਾਰਾ
ਮਾਨਸਾ, 30 ਸਤੰਬਰ (ਵਿਸ਼ਵ ਵਾਰਤਾ)-ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਹਾਥਰਸ ਵਿੱਚ ਇਕ 19 ਸਾਲਾ ਦਲਿਤ ਲੜਕੀ ਨੂੰ ਕੁਝ ਅਪਰਾਧੀਆਂ ਵਲੋਂ ਸਮੂਹਿਕ ਬਲਾਤਕਾਰ ਅਤੇ ਘੋਰ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਮੋਦੀ ਅਤੇ ਯੋਗੀ ਸਰਕਾਰਾਂ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ। ਇਸ ਲੜਕੀ ਦੀ ਕੱਲ੍ਹ ਦਿੱਲੀ ਦੇ ਇਕ ਹਸਪਤਾਲ ਵਿਖੇ ਪੀੜਤ ਲੜਕੀ ਦੀ ਮੌਤ ਹੋ ਗਈ।
ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਭਗਵੰਤ ਸਿੰਘ ਸਮਾਂਓ ਅਤੇ ਪਾਰਟੀ ਦੀ ਸੂਬਾਈ ਔਰਤ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਕਿਹਾ ਕਿ ਘੋਰ ਫਿਰਕੂ ਅਤੇ ਜਾਤੀਵਾਦੀ ਬੀਜੇਪੀ ਦੇ ਰਾਜ ਵਿੱਚ ਦੇਸ਼ ਵਿੱਚ ਖਾਸ ਕਰਕੇ ਯੂਪੀ ਵਿੱਚ ਦਲਿਤਾਂ,ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਉਤੇ ਜਬਰ ਤਸ਼ੱਦਦ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਹਾਥਰਸ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਵਿੱਚ ਤਾਂ ਜਿਵੇਂ ਐਨਾ ਹੀ ਨਹੀਂ,ਬਲਕਿ ਪੁਲੀਸ ਨੇ ਬੀਤੀ ਰਾਤ ਜਿਥੇ ਸਿਰੇ ਦੀ ਅਣਮਨੁੱਖੀ ਕਾਰਵਾਈ ਕਰਦਿਆਂ ਸ਼ਮਸ਼ਾਨ ਘਾਟ ਵਿੱਚ ਲੜਕੀ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਘੋਰ ਬਦਸਲੂਕੀ ਕੀਤੀ ਅਤੇ ਤਰਲੇ ਕਰਨ ਦੇ ਬਾਵਜੂਦ ਮਾਪਿਆਂ ਨੂੰ ਅੰਤਿਮ ਵਾਰ ਅਪਣੀ ਬੇਟੀ ਦਾ ਮੂੰਹ ਵੀ ਨਾ ਵੇਖਣ ਦਿੱਤਾ,ਉਥੇ ਅੱਧੀ ਰਾਤ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਲੜਕੀ ਦੀ ਲਾਸ਼ ਨੂੰ ਵੀ ਤੇਲ ਛਿੜਕਕੇ ਜਬਰੀ ਸਾੜ ਦਿੱਤਾ।ਉਨ੍ਹਾਂ ਕਿਹਾ ਕਿ ਇਸ ਘਿਨਾਉਣੀ ਘਟਨਾ ਦੇ ਵਿਰੋਧ ਵਿੱਚ ਉਹ ਪਿੰਡਾਂ ਵਿੱਚ ਮੋਦੀ ਤੇ ਯੋਗੀ ਦੀਆਂ ਅਰਥੀਆਂ ਸਾੜਕੇ ਇਸ ਜਬਰ ਖਿਲਾਫ਼ ਰੋਸ ਪ੍ਰਗਟ ਕੀਤਾ ਜਾਵੇਗਾ।























