ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਧਿਕਾੀਰਆਂ ਨੂੰ ਸਖਤ ਹਦਾਇਤਾਂ
ਕੋਈ ਵੀ ਕੰਬਾਇਨ ਸੁਪਰ ਐਸ.ਐਮ.ਐਸ. ਤੋਂ ਬਿਨਾਂ ਨਹੀਂ ਚਲਾਈ ਜਾਵੇਗੀ
ਖੇਤੀਬਾੜੀ ਵਿਭਾਗ ਦੇ ਦਫਤਰ ਵਿਖੇ ਕੰਟਰੋਲ ਰੂਮ ਸਥਾਪਿਤ
ਕਪੂਰਥਲਾ, 28 ਸਤੰਬਰ (ਵਿਸ਼ਵ ਵਾਰਤਾ)-ਕੌਮੀ ਗਰੀਨ ਟਿ੍ਰਬਿਊਨਲ ਤੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਝੋਨੇ ਦੀ ਕਟਾਈ ਪਿੱਛੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜਿਲ੍ਹਾ ਕਪੂਰਥਲਾ ਵਿਚ ਗਠਿਤ ਕੀਤੀ ਗਈ ‘ਜਿਲ੍ਹਾ ਪੱਧਰੀ ਤਾਲਮੇਲ ਤੇ ਨਿਗਰਾਨ ਕਮੇਟੀ ’ ਦੀ ਅੱਜ ਪਲੇਠੀ ਮੀਟਿੰਗ ਕੀਤੀ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ.ਕਪੂਰਥਲਾ ਸ. ਜਸਪ੍ਰੀਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਿੰਡ ਪੱਧਰ ਤੱਕ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਵਾਰ ਕਰੋਨਾ ਕਾਰਨ ਸਾਡੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ ਕਿ ਲੋਕ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਕਰੋਨ ਾਕਾਰਨ ਪਹਿਲਾਂ ਹੀ ਪਾਜੀਟਿਵ ਲੋਕਾਂ ਨੂੰ ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਐਸ.ਐਸ.ਪੀ. ਕਪੂਰਥਲਾ ਸ. ਜਸਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਤਾਲਮੇਲ ਟੀਮਾਂ ਤੇ ਜ਼ਮੀਨੀ ਪੱਧਰ ’ਤੇ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਵਿਊਂਤਬੰਦੀ ਕੀਤੀ ਗਈ ਹੈ ਅਤੇ ਸਬੰਧਿਤ ਅਧਿਕਾਰੀਆਂÎ ਨੂੰ ਲੋੜੀਂਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।ਇਸ ਮੌਕੇ ਖੇਤੀਬਾੜੀ ਵਿਭਾਗ ਕਪੂਰਥਲਾ ਦੇ ਅਧਿਕਾੀਰਆਂ ਨੇ ਦਸਿਆ ਕਿ ਵਿਭਾਗ ਦੇ ਦਫਤਰ ਵਿਖੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਮੋਬਾਇਲ ਨੰਬਰ 79730-51480 ਹੈ। ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨਾਲ 98761-27512 ਤੇ ਖੇਤੀਬਾੜੀ ਅਫਸਰ ਕਪੂਰਥਲਾ ਨਾਲ 88720-07524 ’ਤੇ ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਦੀ ਸਾਂਭ ਲਈ ਪੰਚਾਇਤ ਦੀ ਜ਼ਮੀਨ ਦੀ ਵਰਤੋਂ ਦੇ ਨਾਲ-ਨਾਲ ਸਰਕਾਰੀ ਤੇ ਗੈਰ ਸਰਕਾਰੀ ਗਊਸ਼ਾਲਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਬਿਨਾਂ ਸੁਪਰ ਐਸ.ਐਮ.ਐਸ. ਲੱਗੀਆਂ ਮਸ਼ੀਨਾਂ ਨੂੰ ਕਟਾਈ ਨਹੀਂ ਕਰਨ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਮਨਦੀਪ ਸਿੰਘ ਐਸ.ਪੀ., ਵਰਿੰਦਰਪਾਲ ਸਿੰਘ ਐਸ.ਡੀ.ਐਮ. ਡਾ. ਨਾਜ਼ਰ ਸਿੰਘ ਮੁੱਖ ਖੇਤੀਬਾੜੀ ਅਫਸਰ, ਲਖਵਿੰਦਰ ਸਿੰਘ ਡੀ.ਡੀ.ਪੀ.ਓ. , ਕੁਲਦੀਪ ਸਿੰਘ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਨੀਤ ਸੇਠੀ ਐਸ.ਡੀ.ਓ. , ਰਵਿੰਦਰ ਸਿੰਘ ਜਿਲ੍ਹਾ ਮੰਡੀ ਅਫਸਰ, ਅਸ਼ਵਨੀ ਕੁਮਾਰ ਖੇਤੀਬਾੜੀ ਅਫਸਰ, , ਜਗਦੀਸ਼ ਸਿੰਘ ਖੇਤੀਬਾੜੀ ਇੰਜੀਨੀਅਰ, ਹਰਕਮਲ ਪਿ੍ਰਤਪਾਲ ਸਿੰਘ ਭਰੋਤ ਖੇਤੀਬਾੜੀ ਅਫਸਰ, ਮਨਜੀਤ ਸਿੰਘ ਤੇ ਕਰਨਲ ਗੁਰਜਿੰਦਰ ਸਿੰਘ ਜੀ.ਓ.ਜੀ ਹਾਜ਼ਰ ਸਨ।
ਕੈਪਸ਼ਨ- ਕਪੂਰਥਲਾ ਵਿਖੇੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਸਬੰਧੀ ਜਿਲ੍ਹਾ ਪੱਧਰੀ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਸ. ਜਸਪ੍ਰੀਤ ਸਿੰਘ ਸਿੱਧੂ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ।