60 ਘੰਟਿਆਂ ਬਾਅਦ ਖ਼ਤਮ ਹੋਈ ਇੰਨਕਮ ਟੈਕਸ ਦਾ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫ਼ਤਰਾਂ ਦਾ ਸਰਵੇਖਣ
ਚੰਡੀਗੜ੍ਹ 17 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਦਿੱਲੀ ਅਤੇ ਮੁੰਬਈ ਸਥਿਤ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੇ ਦਫਤਰਾਂ ‘ਤੇ ਆਮਦਨ ਕਰ ਵਿਭਾਗ (ਆਈਟੀ) ਦਾ ਸਰਵੇਖਣ 60 ਘੰਟਿਆਂ ਬਾਅਦ ਪੂਰਾ ਹੋਇਆ। ਦੱਸ ਦਈਏ ਕਿ ਆਈਟੀ ਟੀਮ ਨੇ ਮੰਗਲਵਾਰ ਸਵੇਰੇ 11:30 ਵਜੇ ਬੀਬੀਸੀ ਦਫ਼ਤਰਾਂ ਵਿੱਚ ਸਰਵੇਖਣ ਸ਼ੁਰੂ ਕੀਤਾ, ਜੋ ਵੀਰਵਾਰ ਦੇਰ ਰਾਤ ਖ਼ਤਮ ਹੋਇਆ। ਆਈਟੀ ਟੀਮ ਦੇਰ ਰਾਤ 11 ਵਜੇ ਬੀਬੀਸੀ ਦਫ਼ਤਰਾਂ ਤੋਂ ਰਵਾਨਾ ਹੋਈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਬੀਸੀ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਦਿੱਲੀ ਅਤੇ ਮੁੰਬਈ ਵਿੱਚ ਸਾਡੇ ਦਫ਼ਤਰ ਛੱਡ ਦਿੱਤੇ ਹਨ। ਅਸੀਂ ਆਈਟੀ ਟੀਮ ਨਾਲ ਸਹਿਯੋਗ ਕਰਨਾ ਜਾਰੀ ਰੱਖਾਂਗੇ। ਉਮੀਦ ਹੈ ਕਿ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਬੀਬੀਸੀ ਦੀ ਤਰਫੋਂ ਕਿਹਾ ਗਿਆ ਕਿ ਸਾਡਾ ਕੰਮ ਆਮ ਵਾਂਗ ਹੋ ਰਿਹਾ ਹੈ। ਅਸੀਂ ਆਪਣੇ ਪਾਠਕਾਂ, ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿਰਪੱਖ ਖ਼ਬਰਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਅਸੀਂ ਇੱਕ ਭਰੋਸੇਮੰਦ, ਨਿਰਪੱਖ, ਅੰਤਰਰਾਸ਼ਟਰੀ ਅਤੇ ਸੁਤੰਤਰ ਮੀਡੀਆ ਹਾਂ, ਅਸੀਂ ਆਪਣੇ ਸਾਥੀਆਂ ਅਤੇ ਪੱਤਰਕਾਰਾਂ ਦੇ ਨਾਲ ਖੜੇ ਹਾਂ ਜੋ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਤੁਹਾਡੇ ਲਈ ਖਬਰਾਂ ਪਹੁੰਚਾਉਂਦੇ ਰਹਿਣਗੇ।
ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਵੇ ਦੌਰਾਨ ਦਿੱਲੀ ਦਫ਼ਤਰ ਦੇ 10 ਸੀਨੀਅਰ ਮੁਲਾਜ਼ਮਾਂ ਨੇ ਦੋ ਰਾਤਾਂ ਦਫ਼ਤਰ ਵਿੱਚ ਹੀ ਬਿਤਾਈਆਂ। ਜਦੋਂ ਆਈ.ਟੀ. ਟੀਮ ਸਰਵੇ ਪੂਰਾ ਕਰਕੇ ਦਫਤਰ ਤੋਂ ਰਵਾਨਾ ਹੋਈ ਤਾਂ ਇਹ ਕਰਮਚਾਰੀ ਵੀਰਵਾਰ ਰਾਤ ਨੂੰ ਆਪਣੇ ਘਰ ਪਹੁੰਚ ਗਏ। ਹਾਲਾਂਕਿ, ਹੋਰ ਕਰਮਚਾਰੀਆਂ ਨੂੰ ਅਗਲੇ ਨੋਟਿਸ ਤੱਕ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।