6 ਮਹੀਨਿਆਂ ਬਾਅਦ ਘਰ ਪਹੁੰਚੀ ਸਿੱਧੂ ਮੂਸੇਵਾਲਾ ਦੀ ਥਾਰ
ਗੋਲੀਆਂ ਦੇ ਨਿਸ਼ਾਨ ਦੇਖ ਭਾਵੁਕ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ
ਚੰਡੀਗੜ੍ਹ, 18ਦਸੰਬਰ(ਵਿਸ਼ਵ ਵਾਰਤਾ)- 29ਮਈ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਥਾਰ ਕਤਲ ਦੇ ਛੇ ਮਹੀਨਿਆਂ ਬਾਅਦ ਪਿੰਡ ਮੂਸਾ ਉਹਨਾਂ ਦੀ ਹਵੇਲੀ ਪਹੁੰਚੀ ਹੈ। ਆਪਣੇ ਪੁੱਤ ਦੀ ਗੱਡੀ ਜਿਸ ਵਿੱਚ ਸਿੱਧੂ ਦਾ ਕਤਲ ਹੋਇਆ ਸੀ ਨੂੰ ਦੇਖ ਕੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚਾਹੁੰਦੇ ਹਨ ਕਿ ਇਨ੍ਹਾਂ ਸਾਰੀਆਂ ਨਿਸ਼ਾਨੀਆਂ ਵਾਲੀ ਇਹ ਥਾਰ ਹਵੇਲੀ ਵਿੱਚ ਪ੍ਰਦਰਸ਼ਿਤ ਹੋਵੇ ਅਤੇ ਪ੍ਰਸ਼ੰਸਕ ਇਸ ਨੂੰ ਦੇਖ ਸਕਣ।
ਜ਼ਿਕਰਯੋਗ ਹੈ ਕਿ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਥਾਰ ਮਾਨਸਾ ਪੁਲਿਸ ਦੀ ਹਿਰਾਸਤ ਵਿੱਚ ਸੀ। ਅਦਾਲਤ ਦੇ ਹੁਕਮਾਂ ‘ਤੇ ਕਾਰ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਕੁਝ ਮੁਰੰਮਤ ਤੋਂ ਬਾਅਦ ਕਾਰ ਨੂੰ ਮਾਨਸਾ ਦੇ ਪਿੰਡ ਮੂਸੇ ਵਿਖੇ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਖੇ ਲਿਆ ਕੇ ਖੜ੍ਹਾ ਕੀਤਾ ਗਿਆ। ਥਾਰ ਦੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਪਿਸਤੌਲ ਵੀ ਉਸਦੇ ਪਿਤਾ ਨੂੰ ਸੌਂਪਿਆ ਗਿਆ ਹੈ।
ਦੱਸ ਦਈਏ ਕਿ ਘਟਨਾ ਵਾਲੇ ਦਿਨ ਸਿੱਧੂ ਮੂਸੇਵਾਲਾ ‘ਤੇ 30 ਗੋਲੀਆਂ ਚਲਾਈਆਂ ਗਈਆਂ ਸਨ। ਪੁਲੀਸ ਨੇ ਥਾਰ ਵਿੱਚੋਂ ਤਿੰਨ ਵੱਖ-ਵੱਖ ਹਥਿਆਰਾਂ ਦੇ 30 ਖੋਲ ਬਰਾਮਦ ਕੀਤੇ ਸਨ। ਥਾਰ ‘ਤੇ ਵੀ 30 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਇਹਨਾਂ ਗੋਲੀਆਂ ਦੇ ਨਿਸ਼ਾਨ ਹਾਲੇ ਵੀ ਥਾਰ ਤੇ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਸੀ। 28 ਮਈ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵੀ ਘਟਾ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ‘ਤੇ ਲੋਕਾਂ ਦਾ ਗੁੱਸਾ ਭੜਕਿਆ ਹੋਇਆ ਹੈ।