555th Prakash Purab : ਪ੍ਰਕਾਸ਼ ਪੁਰਬ ਮੌਕੇ ਅਧਿਕਾਰੀ ਡਿਊਟੀ ਨੂੰ ਸੇਵਾਭਾਵਨਾ ਨਾਲ ਨਿਭਾਉਣ: ਡਿਪਟੀ ਕਮਿਸ਼ਨਰ
ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਸੰਗਤ ਦੀ ਸਹੂਲਤ ਲਈ ਤਿਆਰੀਆਂ ਦੀ ਸਮੀਖਿਆ
ਕੰਟਰੋਲ ਰੂਮ ਨੰਬਰ 01828-222169 ਜਾਰੀ
ਪੁੱਡਾ ਕਾਲੋਨੀ ਤੇ ਦਾਣਾ ਮੰਡੀ ਵਿਖੇ ਪਾਰਕਿੰਗ ਦੀ ਵਿਵਸਥਾ
ਸਾਫ ਸਫਾਈ,ਪੀਣ ਵਾਲੇ ਪਾਣੀ,ਮੈਡੀਕਲ ਟੀਮਾਂ ਦੀ ਤਾਇਨਾਤੀ,ਸੁਚਾਰੂ ਆਵਾਜ਼ਾਈ ਵੱਲ ਵਿਸ਼ੇਸ਼ ਤਵੱਜੋਂ ਦੇਣ ਦੇ ਹੁਕਮ
ਦਾਣਾ ਮੰਡੀ ਵਿਖੇ ਬਣੇਗਾ ਆਰਜ਼ੀ ਬੱਸ ਅੱਡਾ
ਕਪੂਰਥਲਾ,12 ਨਵੰਬਰ (ਵਿਸ਼ਵ ਵਾਰਤਾ):- ਸ੍ਰੀ ਗੁਰੂ ਨਾਨਕ ਦੇਵ ਜੀ ਦੇ 15 ਨਵੰਬਰ ਨੂੰ ਮਨਾਏ ਜਾ ਰਹੇ 555ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੰਗਤ ਦੀ ਆਮਦ ਦੇ ਮੱਦੇਨਜ਼ਰ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ ।
ਉਨ੍ਹਾਂ ਕਿਹਾ ਕਿ ਅਧਿਕਾਰੀ ਆਪਣੀ ਡਿਊਟੀ ਨੂੰ ਪੂਰੀ ਸੇਵਾਭਾਵਨਾ ਨਾਲ ਨਿਭਾਉਣ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨ ਪਵੇ।
ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸੰਗਤ ਦੀ ਭਾਰੀ ਗਿਣਤੀ ’ਚ ਆਮਦ ਦੇ ਮੱਦੇਨਜ਼ਰ ਕੰਟਰੋਲ ਰੂਮ ਨੰਬਰ 01828-222169 ਵੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਸਮੇਂ ਲੋੜੀਂਦੀ ਸੂਚਨਾ ਕੰਟਰੋਲ ਰੂਮ ਵਿਖੇ ਦਿੱਤੀ ਜਾ ਸਕੇ। ਇਸ ਤੋਂ ਇਲਾਵਾ 6 ਡਿਊਟੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਗਏ ਹਨ।
ਅਧਿਕਾਰੀਆਂ ਨੂੰ ਸਿਵਲ ਅਤੇ ਪੁਲਿਸ ਕੰਟਰੋਲ ਰੂਮ ਦੀ ਸਥਾਪਤੀ ਦੇ ਨਾਲ-ਨਾਲ ਲੋੜੀਂਦੀ ਪਾਰਕਿੰਗ, ਸ਼ਹਿਰ ਦੇ ਵਸਨੀਕਾਂ ਦੀ ਸਹੂਲਤ ਦੇ ਮੱਦੇਨਜ਼ਰ ਐਂਟਰੀ ਦੇ ਇੰਤਜ਼ਾਮ ਅਤੇ ਈ-ਰਿਕਸ਼ਾ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਤਾਕੀਦ ਕੀਤੀ।
ਉਨ੍ਹਾਂ ਕਿਹਾ ਕਿ ਗੁਰਪੁਰਬ ਮੌਕੇ ਨਗਰ ਕੀਰਤਨ ਜੋਕਿ ਗੁਰਦੁਆਰਾ ਸੰਤ ਘਾਟ ਵਾਇਆ ਤਲਵੰਡੀ ਪੁਲ,ਗੁਰੂ ਕਾ ਬਾਗ, ਰੇਲਵੇ ਸਟੇਸ਼ਨ, ਹੱਟ ਸਾਹਿਬ ਤੋਂ ਹੋ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਿਤ ਹੋਵੇਗਾ, ਲਈ ਲੋੜੀਂਦੇ ਇੰਤਜ਼ਾਮ ਮੁਕੰਮਲ ਕੀਤੇ ਜਾਣ।
ਉਨ੍ਹਾਂ ਦੱਸਿਆ ਕਿ ਸੁਚਾਰੂ ਆਵਾਜ਼ਾਈ ਤੇ ਪਾਰਕਿੰਗ ਲਈ ਵਾਇਆ ਤਲਵੰਡੀ ਚੌਧਰੀਆਂ ਆਉਣ ਵਾਲੀ ਸੰਗਤ ਲਈ ਪੁੱਡਾ ਕਾਲੋਨੀ ਤੇ ਵਾਇਆ ਰੇਲ ਕੋਚ ਫੈਕਟਰੀ ਤੋਂ ਆਉਣ ਵਾਲੀ ਸੰਗਤ ਲਈ ਦਾਣਾ ਮੰਡੀ ਵਿਖੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਥਾਵਾਂ ਉੱਪਰ ਆਰਜ਼ੀ ਪਖਾਨਿਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਬੱਸ ਅੱਡੇ 13 ਨਵੰਬਰ ਤੋਂ ਆਰਜ਼ੀ ਤੌਰ ’ਤੇ ਦਾਣਾ ਮੰਡੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਸੇਵਾਵਾਂ ਤਹਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ, ਗੁਰੂ ਨਾਨਕ ਸਟੇਡੀਅਮ, ਲੋਹੀਆਂ ਰੋਡ ਅਤੇ ਤਲਵੰਡੀ ਪੁੱਲ ਵਿਖੇ ਮੈਡੀਕਲ ਬੂਥ ਸਥਾਪਿਤ ਕਰਨ ਦੇ ਨਾਲ-ਨਾਲ ਸਿਵਲ ਹਸਪਤਾਲ ਵਿਖੇ 24 ਘੰਟਿਆਂ ਲਈ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਲੋੜੀਂਦੀ ਗਿਣਤੀ ਵਿੱਚ ਐਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਉਪਲੱਬਧ ਰਹਿਣਗੀਆਂ।
ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ਹਿਰ ਵਿਚ ਸਵੇਰੇ ਸ਼ਾਮ ਸਾਫ ਸਫਾਈ ਯਕੀਨੀ ਬਣਾਉਣ ਅਤੇ ਇਸ ਲਈ ਨੇੜਲੀਆਂ ਨਗਰ ਨਿਗਮਾਂ ਕੋਲ਼ੋਂ ਵਾਧੂ ਸਟਾਫ਼ ਦੀ ਤਾਇਨਾਤੀ ਕਰਵਾਉਣ। ਇਸ ਤੋਂ ਇਲਾਵਾ ਸਟਰੀਟ ਲਾਈਟਾਂ ਨੂੰ ਚਾਲੂ ਹਾਲਤ ਵਿਚ ਰੱਖਣ ਅਤੇ ਜਨਤਕ ਪਖਾਨਿਆਂ ਦੀ ਲਗਾਤਾਰ ਸਾਫ ਸਫਾਈ ਯਕੀਨੀ ਬਣਾਈ ਜਾਵੇ।
ਗੁਰਪੁਰਬ ਮੌਕੇ ਵਿਸ਼ੇਸ਼ ਤੌਰ ’ਤੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਸਬੰਧੀ ਖੇਡ ਵਿਭਾਗ ਦੇ ਅਧਿਕਾਰੀਆਂ ਤੋਂ ਤਿਆਰੀਆਂ ਦਾ ਜਾਇਜ਼ਾ ਲੈਂਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਟੇਡੀਅਮ ਵਿੱਚ ਟੀਮਾਂ ਅਤੇ ਦਰਸ਼ਕਾਂ ਦੀ ਸਹੂਲਤ ਲਈ ਸਾਰੀਆਂ ਤਿਆਰੀਆਂ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ।
ਉਨ੍ਹਾਂ ਨੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ 13 ਨਵੰਬਰ ਤੋਂ 16 ਨਵੰਬਰ ਤੱਕ ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖਣ ਅਤੇ ਸ਼ਹਿਰ ਵਿੱਚ ਬਿਜਲੀ ਦੀਆਂ ਢਿੱਲੀਆਂ/ਨੰਗੀਆਂ ਤਾਰਾਂ ਆਦਿ ਦੀ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਪੁਲਿਸ ਵਿਭਾਗ ਨੂੰ ਆਦੇਸ਼ ਦਿੱਤੇ ਕਿ ਉਹ ਕੰਟਰੋਲ ਰੂਮ ਸਥਾਪਿਤ ਕਰਨ ਦੇ ਨਾਲ-ਨਾਲ ਸੰਗਤ ਦੀ ਸੁਰੱਖਿਆ ਲਈ ਵਿਸ਼ੇਸ਼ ਨਾਕੇ ਵੀ ਲਗਾਉਣ। ਇਸ ਤੋਂ ਇਲ਼ਾਵਾ ਨਗਰ ਕੀਰਤਨ ਦੇ ਮੱਦੇਨਜ਼ਰ ਆਵਾਜ਼ਾਈ ਦੇ ਬਦਲਵੇਂ ਪ੍ਰਬੰਧਾਂ ਦੀ ਵਿਵਸਥਾ ਕਰਨ ਲਈ ਵੀ ਕਿਹਾ ਗਿਆ।
ਡਿਪਟੀ ਕਮਿਸ਼ਨਰ ਵਲੋਂ ਵੇਈਂ ਉੱਪਰ ਸੁਰੱਖਿਆ ਦੇ ਮੱਦੇਨਜ਼ਰ ਐੱਨ.ਡੀ.ਆਰ.ਐਫ. ਦੇ ਗੋਤਾਖੌਰਾਂ ਦਾ ਤਾਇਨਾਤੀ ਦੇ ਹੁਕਮ ਵੀ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਸੁਲਤਾਨਪੁਰ ਲੋਧੀ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ 15 ਨਵੰਬਰ ਨੂੰ ਆਪਣੇ-ਆਪਣੇ ਦਫਤਰ ਖੁੱਲ੍ਹੇ ਰੱਖਣ ਤਾਂ ਜੋ ਸੰਗਤ ਦੀ ਸਹੂਲਤ ਲਈ ਪਖਾਨਿਆਂ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਸੁਲਤਾਨਪੁਰ ਲੋਧੀ ਅਪਰਨਾ, ਐਸ.ਪੀ. ਗੁਰਪ੍ਰੀਤ ਸਿੰਘ ਤੇ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।