ਜਲੰਧਰ: ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਸੂਬੇ ਵਿਚ ਅੱਤਵਾਦ ਦੇ ਮੁੜ ਉਭਾਰ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਅਮਨ ਅਤੇ ਭਾਈਚਾਰਕ ਸਾਂਝ ਹਰ ਕੀਮਤ ਤੇ ਬਣਾਈ ਰੱਖੀ ਜਾਵੇਗੀ।
ਅੱਜ ਇਥੇ ਪੀ.ਏ.ਪੀ ਸਟੇਡੀਅਮ ਵਿਖੇ 58ਵੇਂ ਪੁਲਿਸ ਸ਼ਹੀਦੀ ਦਿਹਾੜੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਲੇ ਦਿਨਾਂ ਨੂੰ ਮੁੜ ਪਰਤਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਹਨ ਕਿ ਅੱਤਵਾਦ ਉਨ੍ਹਾਂ ਦੇ ਹਿੱਤ ਵਿਚ ਨਹੀਂ ਸੀ । ਸ੍ਰੀ ਅਰੋੜਾ ਨੇ ਕਿਹਾ ਕਿ ਕੁਝ ਸਵਾਰਥੀ ਲੋਕ ਹੀ ਅੱਤਵਾਦ ਦੇ ਸਮਰਥਕ ਹਨ ਜਦਕਿ ਬਹੁ ਗਿਣਤੀ ਲੋਕ ਇਸਦੇ ਵਿਰੋਧੀ ਸਨ।
ਲੁਧਿਆਣਾ ਵਿਖੇ ਆਰ.ਐਸ.ਐਸ ਆਗੂ ਦੀ ਹੱਤਿਆ ਦੀ ਜਾਂਚ ਕੌਮੀ ਜਾਂਚ ਏਜੰਸੀ ਨੂੰ ਸੌਪਣ ਬਾਰੇ ਇਕ ਸਵਾਲ ਦੇ ਜਵਾਬ ਵਿਚ ਡੀ.ਜੀ.ਪੀ ਨੇ ਕਿਹਾ ਕਿ ਇਸ ਨਾਲ ਜਿੱਥੇ ਵੱਖ-ਵੱਖ ਏਜੰਸੀਆਂ ਵਿਚ ਤਾਲਮੇਲ ਸਥਾਪਤ ਕਰਕੇ ਜਾਂਚ ਕੀਤੀ ਜਾਵੇਗੀ ਉਥੇ ਹੀ ਇਸ ਘਟਨਾ ਪਿਛਲੀ ਵੱਡੀ ਸਾਜਿਸ਼ ਨੂੰ ਬੇ ਨਕਾਬ ਕਰਨ ਵਿਚ ਸਹਾÎਿÂਤਾ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਪੰਜਾਬ ਪੁਲਿਸ ਵਲੋਂ ਕੌਮੀ ਜਾਂਚ ਏਜੰਸੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਇਸ ਕੇਸ ਦੀ ਮੁਢਲੀ ਜਾਂਚ ਦੌਰਾਨ ਇਹ
ਸਾਹਮਣੇ ਆਇਆ ਹੈ ਕਿ ਇਸ ਘਟਨਾ ਦਾ ਮਕਸਦ ਮਾਤਾ ਚੰਦ ਕੌਰ ਦੇ ਕਤਲ ਤੋਂ ਅਲੱਗ ਹੈ ਉਨਾਂ ਸਪੱਸ਼ਟ ਕੀਤਾ ਕਿ ਜਲੰਧਰ ਵਿਖੇ ਆਰ.ਐਸ.ਐਸ ਆਗੂ ਦੀ ਹੱਤਿਆ ਅਤੇ ਲੁਧਿਆਣਾ ਵਿਖੇ ਪਾਦਰੀ ਦੀ ਹੱਤਿਆ ਦੇ ਮਾਮਲੇ ਇਸ ਕਤਲ ਕਾਂਡ ਨਾਲ ਜੁੜੇ ਹੋਏ ਹਨ । ਉਨ੍ਹਾਂ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਕਿ ਇਸ ਕੇਸ ਵਿਚ ਵਿਦੇਸ਼ ਤੋਂ ਕੁਝ ਵਿਅਕਤੀਆਂ ਦਾ ਹੱਥ ਹੋ ਸਕਦਾ ਹੈ।
ਸੂਬੇ ਵਿਚ ਕੁਝ ਥਾਵਾਂ ਤੇ ਖਾਲਿਸਤਾਨ ਪੱਖੀ ਪੋਸਟਰ ਲਗਾਏ ਜਾਣ ਬਾਰੇ ਡੀ.ਜੀ.ਪੀ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਦਿਆਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਸਮਾਗਮ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਲਾ ਮਿਸਾਲ ਕੁਰਬਾਨੀਆਂ ਕਰਕੇ ਸੂਬੇ ਵਿਚ ਅਮਨ ਅਤੇ ਸ਼ਾਂਤੀ ਕਾਇਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ 1981 ਤੋਂ 2017 ਤੱਕ 2719 ਪੁਲਿਸ ਅਧਿਕਾਰੀ/ਕਰਮਚਾਰੀਆਂ ਵਲੋਂ ਦੇਸ਼ ਦੀ ਖਾਤਰ ਆਪਣੀ
ਜਾਨ ਕੁਰਬਾਨ ਕੀਤੀ ਗਈ ਹੈ। ਡੀ.ਜੀ.ਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਤਵਾਦ ਦੌਰਾਨ ਸ਼ਹੀਦ ਹੋਏ ਅਧਿਕਾਰੀਆਂ/ਕਰਮਚਾਰੀਆਂ ਦੇ ਪਰਿਵਾਰਾਂ ਦੀ ਵਿਸ਼ੇਸ਼ ਪੈਂਨਸ਼ਨ ਬਹਾਲ ਕਰਨ ਦੀ ਵੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪੰਜਾਬ ਪੁਲਿਸ ਆਪਣੇ ਬਹਾਦਰ ਜਵਾਨਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਸਜਦਾ ਕਰਦੀ ਹੈ, ਜਿਨ੍ਹਾਂ ਨੇ ਦੇਸ਼ ਭਰ ਵਿਚ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ। ਇਸ ਮੌਕੇ ਡੀ.ਜੀ.ਪੀ ਵਲੋਂ ਗਾਰਡ ਆਫ਼ ਆਨਰ ਦਾ ਨਿਰੀਖਣ ਵੀ ਕੀਤਾ ਗਿਆ।