5 ਸਾਲ ਬਾਅਦ ਪੰਜਾਬ ਸਰਕਾਰ ਨੇ ਆਈਜੀ ਉਮਰਾਨੰਗਲ ਦੀ ਡਿਊਟੀ ਕੀਤੀ ਬਹਾਲ
ਨਿਯੁਕਤੀ ਦੇ ਹੁਕਮ ਆਉਣ ਤੱਕ ਡੀਜੀਪੀ ਆਫ਼ਿਸ ਨੂੰ ਕਰਨਗੇ ਰਿਪੋਰਟ
ਚੰਡੀਗੜ੍ਹ 11ਜੁਲਾਈ (ਵਿਸ਼ਵ ਵਾਰਤਾ): ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 2 ਫਰਵਰੀ 2024 ਨੂੰ ਜਾਰੀ ਕੀਤੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਡਿਊਟੀ ਮੁਕਤ ਆਈਜੀ ਉਮਰਾ ਨੰਗਲ ਨੂੰ ਮੁੜ ਨੌਕਰੀ ‘ਤੇ ਬਹਾਲ ਕਰ ਦਿੱਤਾ ਹੈ। ਨਿਯੁਕਤੀ ਦੇ ਆਰਡਰ ਆਉਣ ਤੱਕ ਉਨ੍ਹਾਂ ਨੂੰ ਡੀਜੀਪੀ ਪੰਜਾਬ ਦੇ ਦਫ਼ਤਰ ‘ਚ ਰਿਪੋਰਟ ਕਰਨਾ ਹੋਵੇਗਾ।
ਪੰਜਾਬ ਦੇ ਫਰੀਦਕੋਟ ਦੇ ਬਰਗਾੜੀ ਕਾਂਡ ਵਿੱਚ ਮੁਅੱਤਲ ਚੱਲ ਰਹੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2 ਫਰਵਰੀ 2024 ਨੂੰ ਉਨ੍ਹਾਂ ਦੀ ਮੁਅੱਤਲੀ ਦੇ ਹੁਕਮਾਂ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ ਕਾਰਨ ਹੁਣ ਪੰਜਾਬ ਸਰਕਾਰ ਨੇ ਆਈ.ਜੀ. ਉਮਰਾਨੰਗਲ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਪੱਤਰ ਵਿੱਚ ਕਿਹਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਿਤੀ 02.02.2024 ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਵਿਚ ਬਹਾਲ ਕਰ ਦਿੱਤਾ ਗਿਆ ਹੈ। ਨਿਯਮਤ ਨਿਯੁਕਤੀ ਦੇ ਹੁਕਮ ਜਾਰੀ ਹੋਣ ਤੱਕ ਉਹ ਡੀ.ਜੀ.ਪੀ., ਪੰਜਾਬ ਦੇ ਦਫ਼ਤਰ ਨੂੰ ਰਿਪੋਰਟ ਕਰਨਗੇ।