ਬੀਐਸਐਫ ਦੀ ਇੱਕ ਹੋਰ ਵੱਡੀ ਕਾਰਵਾਈ
4 ਦਿਨਾਂ ‘ਦੇ ਡੇਗਿਆ ਸਰਹੱਦ ਪਾਰ ਤੋਂ ਭੇਜਿਆ ਗਿਆ ਤੀਜਾ ਡਰੋਨ ,2.5 ਕਿਲੋ ਹੈਰੋਇਨ ਬਰਾਮਦ
ਚੰਡੀਗੜ੍ਹ 18 ਅਕਤੂਬਰ(ਵਿਸ਼ਵ ਵਾਰਤਾ)- ਬੀਐਸਐਫ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਰਹੱਦ ‘ਤੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਪਿਛਲੇ ਚਾਰ ਦਿਨਾਂ ਵਿੱਚ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੇ ਤੀਜੇ ਡਰੋਨ ਨੂੰ ਡੇਗ ਦਿੱਤਾ ਹੈ। ਪਾਕਿਸਤਾਨੀ ਤਸਕਰਾਂ ਨੇ ਡਰੋਨ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਖੇਪ ਵੀ ਭੇਜੀ ਸੀ, ਜਿਸ ਨੂੰ ਬੀਐਸਐਫ ਜਵਾਨਾਂ ਨੇ ਜ਼ਬਤ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਬੀਓਪੀ ਕਲਾਮ ਡੋਗਰ ਪਿੰਡ ਛੰਨਾ ਨੇੜੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ। ਬੀਐਸਐਫ ਦੀ 183 ਬਟਾਲੀਅਨ ਰਾਤ ਸਮੇਂ ਗਸ਼ਤ ’ਤੇ ਸੀ। ਫਿਰ ਰਾਤ ਕਰੀਬ 8:30 ਵਜੇ ਫੌਜੀਆਂ ਨੇ ਡਰੋਨ ਦੀ ਆਵਾਜ਼ ਸੁਣੀ। ਬਿਨਾਂ ਸਮਾਂ ਬਰਬਾਦ ਕੀਤੇ ਸਿਪਾਹੀਆਂ ਨੇ ਆਵਾਜ਼ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਡਰੋਨ ਦੀ ਸਹੀ ਸਥਿਤੀ ਦੇਖਣ ਲਈ ਰੋਸ਼ਨੀ ਬੰਬ ਵੀ ਸੁੱਟੇ ਗਏ। ਇਸ ਦੌਰਾਨ ਇੱਕ ਗੋਲੀ ਡਰੋਨ ਨੂੰ ਲੱਗੀ।
ਜਾਣਕਾਰੀ ਅਨੁਸਾਰ ਬੀਓਪੀ ਕਲਾਮ ਡੋਗਰਾ ਵਿੱਚ ਸੁੱਟਿਆ ਗਿਆ ਇਹ ਡਰੋਨ ਵੀ ਇੱਕ ਆਕਟਾ-ਕਾਪਟਰ ਡੀਜੇਆਈ ਮੈਟ੍ਰਿਕਸ ਹੈ ਜਿਸ ਵਿੱਚ 8 ਪ੍ਰੋਪੈਲਰ (ਵਿੰਗ) ਹਨ। ਇਸੇ ਤਰ੍ਹਾਂ ਬੀਐਸਐਫ ਵੱਲੋਂ ਪਹਿਲਾਂ ਵੀ ਡਰੋਨ ਨੂੰ ਡੇਗਿਆ ਗਿਆ ਹੈ। ਇਸ ਦੀ ਬੈਟਰੀ ਦੀ ਸਮਰੱਥਾ ਕਾਰਨ ਇਹ ਡਰੋਨ ਲੰਬੇ ਸਮੇਂ ਤੱਕ ਹਵਾ ‘ਚ ਉੱਡ ਸਕਦਾ ਹੈ, ਜਦਕਿ ਇਸ ਦੀ ਰੇਂਜ ਵੀ ਕਾਫੀ ਜ਼ਿਆਦਾ ਹੈ। ਡਰੋਨ ਨਾਲ ਕਾਲੇ ਰੰਗ ਦਾ ਪੈਕੇਟ ਵੀ ਲੱਗਾ ਹੋਇਆ ਸੀ। ਜਿਸ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਸਰਹੱਦ ਵਿੱਚ ਪਹੁੰਚਾਇਆ ਜਾਣਾ ਸੀ ਪਰ ਇਸ ਡਰੋਨ ਨਾਲ ਬੀਐਸਐਫ ਨੇ ਇਹ ਖੇਪ ਵੀ ਬਰਾਮਦ ਕਰ ਲਈ।