4 ਕਿੱਲੋ ਅਫੀਮ ਸਮੇਤ ਦੋ ਸਮਗਲਰ ਪੁਲਿਸ ਨੇ ਕੀਤੇ ਕਾਬੂ
ਮੋਹਾਲੀ, 8ਅਕਤੂਬਰ(ਵਿਸ਼ਵ ਵਾਰਤਾ)-ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਐਸ.ਏ.ਐਸ ਨਗਰ, ਸ਼੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ), ਐਸ.ਏ.ਐਸ.ਨਗਰ, ਸ਼੍ਰੀ ਸੁਖਜੀਤ ਸਿੰਘ, ਡੀ.ਐਸ.ਪੀ ਸਬ ਡਵੀਜਨ ਸਿਟੀ-2, ਐਸ.ਏ.ਐਸ.ਨਗਰ ਦੀ ਅਗਵਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ 2 ਨਸ਼ਾ ਤਸਕਰਾਂ ਨੂੰ 4 ਕਿੱਲੋ ਅਫੀਮ ਸਮੇਤ ਗੱਡੀ ਨੰਬਰੀ PB11-BU-2834 ਮਾਰਕਾ ਇੰਨੋਵਾ ਰੰਗ ਚਿੱਟਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ.ਐਸ.ਪੀ. ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08-10-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੁਫੀਆ ਇਤਲਾਹ ਮਿਲੀ ਸੀ ਕਿ ਇੱਕ ਮੁੱਲਾ ਫੈਸਨ ਅਤੇ ਇੱਕ ਸਰਦਾਰ ਵਿਅਕਤੀ ਗੱਡੀ ਨੰਬਰੀ PB11-BU 2834 ਮਾਰਕਾ ਇੰਨੋਵਾ, ਰੰਗ ਚਿੱਟਾ ਵਿੱਚ ਅਫੀਮ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ।ਜਿਸ ਨੇ ਇਹ ਅਫੀਮ ਅੱਗੇ ਆਪਣੇ ਗ੍ਰਾਹਕਾਂ ਨੂੰ ਮੋਹਾਲੀ, ਖਰੜ ਅਤੇ ਰੋਪੜ ਦੇ ਏਰੀਆ ਵਿੱਚ ਸਪਲਾਈ ਕਰਨੀ ਹੈ।ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਨੇੜੇ ਬੱਸ ਸਟੈਂਡ ਪਿੰਡ ਭਾਗੋ ਮਾਜਰਾ ਨੇੜੇ ਨਾਕਾਬੰਦੀ ਉੱਕਤ ਇੰਨੋਵਾ ਗੱਡੀ ਨੂੰ ਕਾਬੂ ਕਰਕੇ ਸਰਚ ਕਰਨ ਤੇ ਗੱਡੀ ਵਿੱਚ ਕ੍ਰਿਸ਼ਨ ਮੰਡਲ ਪੁੱਤਰ ਮੱਖਣ ਮੰਡਲ ਵਾਸੀ ਮਕਾਨ ਨੰਬਰ 33 ਨੇੜੇ ਧਰਮਸਾਲ ਥਾਣਾ ਸੋਹਾਣਾ ਜਿਲ੍ਹਾ ਐਸ.ਏ.ਐਸ ਨਗਰ ਅਤੇ ਮਨਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮੰਡੀ ਕਲਾਂ ਜਿਲ੍ਹਾ ਬਠਿੰਡਾ ਪਾਸੇ 4 ਕਿਲੋ ਅਫੀਮ ਬ੍ਰਾਮਦ ਹੋਣ ਤੇ ਇਹਨਾਂ ਵਿਰੁੱਧ ਮੁਕੱਦਮਾ ਨੰਬਰ 359 ਮਿਤੀ 08-10-2021 ਅ/ਧ18 61-85 NDPS Act ਥਾਣਾ ਸੋਹਾਣਾ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੇਸੀ ਕ੍ਰਿਸ਼ਨ ਮੰਡਲ ਪੁੱਤਰ ਮੱਖਣ ਮੰਡਲ ਉਮਰ ਕਰੀਬ 40 ਮਕਾਨ ਨੰਬਰ 33 ਨੇੜੇ ਧਰਮਸਾਲ ਥਾਣਾ ਸੋਹਾਣਾ ਜਿਲ੍ਹਾ ਐਸ.ਏ.ਐਸ ਨਗਰ ਦਾ ਰਹਿਣ ਵਾਲਾ ਹੈ, ਅਤੇ ਇਸ ਦੇ ਗੱਡੀਆਂ ਪੈਣ ਦੇ 2 ਸਰਵਿਸ ਸਟੇਸ਼ਨ ਮੋਹਾਲੀ ਸ਼ਹਿਰ ਵਿਖੇ ਹਨ ਅਤੇ ਦੋਸ਼ੀ ਮਨਦੀਪ ਸਿੰਘ ਪੁੱਤਰ ਅਜੈਬ ਸਿੰਘ ਉਮਰ ਕਰੀਬ 27 ਸਾਲ ਪਿੰਡ ਮੰਡੀ ਕਲਾਂ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ, ਜੋ ਕਿ ਟੈਕਸੀ ਡਰਾਇਵਰ ਦਾ ਕੰਮ ਕਰਦਾ ਸੀ ਅਤੇ ਇਸ ਕੋਲ ਆਪਣੀ ਇੱਕ ਗੱਡੀ ਹੈ ਜੋ ਉਸ ਨੂੰ ਆਪ ਚਲਾਉਣ ਲੱਗ ਪਿਆ ਸੀ ਅਤੇ ਉਹ ਆਪਣੀ ਗੱਡੀ ਕ੍ਰਿਸ਼ਨ ਮੰਡਲ ਦੇ ਸਰਵਿਸ ਸਟੇਸ਼ਨ ਤੇ ਧਵਾਉਣ ਲਈ ਆਉਂਦਾ ਰਹਿੰਦਾ ਸੀ ਤੇ ਅਤੇ ਇਹ ਦੋਨੋਂ ਆਰਥਿਕ ਪੱਖੋ ਕਮਜ਼ੋਰ ਹੋਣ ਕਾਰਨ ਅਫੀਮ ਦਾ ਧੰਦਾ ਕਰਨ ਲੱਗ ਪਏ।ਜਿਹਨਾ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕੇ ਇਹ ਅਫੀਮ ਦਰਪਟਾ ਸ਼ਹਿਰ, ਗੁਹਾਟੀ (ਅਸਾਮ) ਤੋ ਕਾਫੀ ਲੰਬੇ ਸਮੇਂ ਤੋਂ ਲੈ ਕੇ ਆਉਂਦੇ ਰਹੇ ਹਨ।ਜਿੱਥੋਂ ਸਸਤੇ ਭਾਅ ਤੇ ਅਫੀਮ ਲਿਆ ਕੇ ਇੱਥੇ ਮਹਿੰਗੇ ਭਾਅ ਵੇਚ ਕੇ ਭਾਰੀ ਮੁਨਾਫਾ ਕਮਾਉਂਦੇ ਸੀ। ਉਕਤ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾਂਂ ਕੋਲੋਂ ਅਫੀਮ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਫੀਮ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ। ਉਕਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।