ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ- 8 ਬੱਚਿਆਂ ਦੀ ਮੌਤ, ਕਈ ਜਖ਼ਮੀ
ਚੰਡੀਗੜ੍ਹ, 11ਅਪ੍ਰੈਲ(ਵਿਸ਼ਵ ਵਾਰਤਾ)- ਹਰਿਆਣਾ ਦੇ ਮਹਿੰਦਰਗੜ੍ਹ ‘ਚ ਅੱਜ ਵੀਰਵਾਰ ਸਵੇਰੇ ਨਿੱਜੀ ਸਕੂਲ ਦੀ ਬੱਸ ਪਲਟ ਗਈ। ਮਿਲੀ ਜਾਣਕਾਰੀ ਅਨੁਸਾਰ ਬੱਸ ਦੀ ਰਫਤਾਰ ਹਾਦਸੇ ਸਮੇਂ ਜ਼ਿਆਦਾ ਤੇਜ਼ ਸੀ। ਇਸ ਹਾਦਸੇ ‘ਚ 8 ਬੱਚਿਆਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਜ਼ਖਮੀ ਹੋ ਗਏ। ਮਹਿੰਦਰਗੜ੍ਹ ਦੇ ਕਨੀਨਾ ਕਸਬੇ ਵਿੱਚ ਸਥਿਤ ਜੀਐਲ ਪਬਲਿਕ ਸਕੂਲ ਈਦ ਦੀ ਛੁੱਟੀ ਹੋਣ ਤੋਂ ਬਾਅਦ ਵੀ ਖੁੱਲ੍ਹਾ ਰਿਹਾ। ਵੀਰਵਾਰ ਸਵੇਰੇ ਬੱਸ ਕਰੀਬ 35 ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸੇ ਦੌਰਾਨ ਪਿੰਡ ਉਨਹਾਨੀ ਨੇੜੇ ਹਾਦਸਾ ਵਾਪਰ ਗਿਆ। 5 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ 3 ਦੀ ਹਸਪਤਾਲ ‘ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਦਾ ਡਰਾਈਵਰ ਨਸ਼ੇ ਵਿੱਚ ਸੀ। ਇਸ ਤੋਂ ਇਲਾਵਾ ਬੱਸ ਦੇ ਫਿਟਨੈਸ ਸਰਟੀਫਿਕੇਟ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ। ਮਹਿੰਦਰਗੜ੍ਹ ਦੇ ਐਸਪੀ ਅਰਸ਼ ਵਰਮਾ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ ਸਾਢੇ ਅੱਠ ਵਜੇ ਵਾਪਰੀ। ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਦੱਸਿਆ ਜਾ ਰਿਹਾ ਹੈ। ਅਸੀਂ ਉਸਦਾ ਮੈਡੀਕਲ ਕਰਵਾ ਰਹੇ ਹਾਂ। ਇਸ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ। ਉਹ ਸਕੂਲ ਬੱਸ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਜਿਸ ਕਾਰਨ ਬੱਸ ਸੜਕ ਤੋਂ ਫਿਸਲ ਕੇ ਦਰੱਖਤ ਨਾਲ ਜਾ ਟਕਰਾਈ।