ਚਾਰ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 6 ਦੀ ਮੌਤ
ਚੰਡੀਗੜ੍ਹ,19ਜਨਵਰੀ(ਵਿਸ਼ਵ ਵਾਰਤਾ)-ਦਿੱਲੀ ਦੇ ਪੀਤਮਪੁਰਾ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਮਾਰਤ ਦੀ ਪਹਿਲੀ ਮੰਜ਼ਿਲ ‘ਚ ਵੀਰਵਾਰ ਰਾਤ ਕਰੀਬ 8 ਵਜੇ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ ‘ਤੇ ਕਾਬੂ ਪਾਇਆ, ਪਰ ਇਸ ਘਟਨਾ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਸੰਭਾਵਨਾ ਹੈ ਕਿ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਹੈ। ਮਰਨ ਵਾਲਿਆਂ ਵਿੱਚ ਵੱਖ-ਵੱਖ ਪਰਿਵਾਰਾਂ ਦੀਆਂ 4 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਉਮਰ 25 ਸਾਲ ਤੋਂ 60 ਸਾਲ ਦੇ ਵਿਚਕਾਰ ਸੀ ਅਤੇ ਕਿਰਾਏ ‘ਤੇ ਮਕਾਨ ‘ਚ ਰਹਿ ਰਹੇ ਸਨ। ਪੀਟੀਆਈ ਮੁਤਾਬਕ ਇਮਾਰਤ ਦੀ ਗਰਾਊਂਡ ਫਲੋਰ ‘ਤੇ ਪਾਰਕਿੰਗ ਹੈ। ਅੱਗ ਪਹਿਲੀ ਮੰਜ਼ਿਲ ‘ਤੇ ਲੱਗੀ ਅਤੇ ਇਸ ਦਾ ਧੂੰਆਂ ਤੀਜੀ ਮੰਜ਼ਿਲ ਤੱਕ ਪਹੁੰਚ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਇਮਾਰਤ ਸਟੀਲ ਕਾਰੋਬਾਰੀ ਸੁਭਾਸ਼ ਗੁਪਤਾ ਦੇ ਨਾਂ ‘ਤੇ ਹੈ ਅਤੇ ਘਟਨਾ ਦੇ ਸਮੇਂ ਉਹ ਉਥੇ ਮੌਜੂਦ ਨਹੀਂ ਸੀ।