ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਦਿੱਤਾ ਇੱਕ ਹੋਰ ਕਰਾਰਾ ਝਟਕਾ
26/11 ਦੇ ਹਮਲੇ ਦੇ ਸਾਜਿਸ਼ਘਾੜੇ ਸਾਜਿਦ ਮੀਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ਦੇ ਪ੍ਰਸਤਾਵ ਤੇ ਲਾਈ ਰੋਕ
ਚੰਡੀਗੜ੍ਹ,7 ਸਤੰਬਰ(ਵਿਸ਼ਵ ਵਾਰਤਾ)- ਚੀਨ ਨੇ ਸੰਯੁਕਤ ਰਾਸ਼ਟਰ ‘ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਿਦ ਮੀਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ਦੇ ਅਮਰੀਕੀ ਪ੍ਰਸਤਾਵ ਨੂੰ ਰੋਕ ਦਿੱਤਾ ਹੈ। ਭਾਰਤ ਨੇ ਵੀ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਸੀ। ਦੱਸ ਦਈਏ ਕਿ ਮੀਰ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਹੈ। ਉਹ ਮੁੰਬਈ ਵਿੱਚ 2008 ਦੇ 26/11 ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਵੀ ਹੈ। ਚੀਨ ਨੇ ਮੀਰ ਨੂੰ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕਰਨ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਅਲ-ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਉਸ ਨੂੰ ਬਲੈਕਲਿਸਟ ਕਰਨ ਦੇ ਅਮਰੀਕੀ ਪ੍ਰਸਤਾਵ ਨੂੰ ਰੋਕ ਦਿੱਤਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਅਮਰੀਕੀ ਏਜੰਸੀ ਐਫਬੀਆਈ ਪਹਿਲਾਂ ਹੀ ਮੀਰ ਨੂੰ ਵਿਦੇਸ਼ੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚਣ, ਅੱਤਵਾਦੀਆਂ ਦੀ ਮਦਦ ਕਰਨ, ਅਮਰੀਕਾ ਦੇ ਬਾਹਰ ਇੱਕ ਨਾਗਰਿਕ ਨੂੰ ਮਾਰਨ ਅਤੇ ਜਨਤਕ ਥਾਵਾਂ ‘ਤੇ ਬੰਬਾਰੀ ਕਰਨ ਦੇ ਦੋਸ਼ਾਂ ਤਹਿਤ ‘ਮੋਸਟ ਵਾਂਟੇਡ’ ਅੱਤਵਾਦੀ ਐਲਾਨ ਕਰ ਚੁੱਕੀ ਹੈ। ਮੁੰਬਈ ਹਮਲਿਆਂ ਵਿੱਚ ਮਾਰੇ ਗਏ 166 ਲੋਕਾਂ ਵਿੱਚ ਛੇ ਅਮਰੀਕੀ ਵੀ ਸ਼ਾਮਲ ਸਨ। ਐਫਬੀਆਈ ਨੇ ਮੀਰ ਦੀ ਗ੍ਰਿਫਤਾਰੀ ਅਤੇ ਦੋਸ਼ੀ ਠਹਿਰਾਉਣ ਲਈ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ 5 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ।