ਚੰਡੀਗੜ੍ਹ, 29 ਅਗਸਤ(ਵਿਸ਼ਵ ਵਾਰਤਾ): ਸਿਰਸਾ ਮੁਖੀ ਨੂੰ ਅੱਜ ਤੋਂ ਹੀ ਜੇਲ੍ਹ ਵਾਲੇ ਕੱਪੜੇ ਪਾਉਣੇ ਪੈਣਗੇ ਅਤੇ ਜੇਲ੍ਹ ਦੀ ਵਰਕਸ਼ਾਪ ‘ਚ ਕੰਮ ਕਰਨਾ ਪਵੇਗਾ। ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ ਅਤੇ ਜੇਲ੍ਹ ਵਿਚ ਕੰਮ ਕਰਨ ਦੇ ਬਦਲੇ ਉਸ ਨੂੰ ਰੋਜ਼ਾਨਾ 25 ਜਾਂ 20 ਰੁਪਏ ਦਿਹਾੜੀ ਮਿਲੇਗੀ। ਡੇਰਾ ਮੁਖੀ ਦਾ ਨਾਪ ਲੈ ਕੇ ਉਸ ਦੇ ਕੱਪੜੇ ਜੇਲ੍ਹ ਦੀ ਵਰਕਸ਼ਾਪ ਵਿਚ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਕੱਪੜਿਆਂ ਦੇ ਰੂਪ ‘ਚ ਉਸ ਨੂੰ ਹੋਰ ਕੈਦੀਆਂ ਵਾਂਗ ਚਿੱਟੇ ਰੰਗ ਦਾ ਕੁੜਤਾ ਅਤੇ ਪਜਾਮਾ ਪਾਉਣਾ ਹੋਵੇਗਾ। ਬਾਬੇ ਨੂੰ ਪਹਿਲਾਂ ਹੀ ਨਾਂਅ ਦੇ ਸਥਾਨ ‘ਤੇ ਕੈਦੀ ਨੰਬਰ 1997 ਦੇ ਕੇ ਨਵੀਂ ਪਹਿਚਾਣ ਦਿੱਤੀ ਜਾ ਚੁੱਕੀ ਹੈ।
ਸੂਬੇ ਦੀਆਂ ਹੋਰ ਜੇਲ੍ਹਾਂ ਦੀ ਤਰ੍ਹਾਂ ਸੁਨਾਰੀਆ ਜੇਲ੍ਹ ਵਿਚ ਵੀ ਵਰਕਸ਼ਾਪ ਚਲਦੀ ਹੈ ਅਤੇ ਇਸ ਵਿਚ ਪਲੰਬਰ, ਕੰਪਿਊਟਰ ਡਾਟਾ ਐਂਟਰੀ, ਮੋਟਰ ਵਾਈਰਿੰਗ, ਸਿਲਾਈ-ਕਢਾਈ ਅਤੇ ਬੇਸਿਕ ਕੰਪਿਊਟਰ ਵਰਗੇ ਕਈ ਕੰਮ ਚਲਦੇ ਹਨ। ਜੇਲ੍ਹ ਵਿਚ ਕੈਦੀਆਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ। ਨਿਪੁੰਨ (ਸਕਿੱਲਡ) ਕੈਦੀਆਂ ਨੂੰ ਕੰਮ ਬਦਲੇ ਰੋਜ਼ਾਨਾ 40 ਰੁਪਏ, ਅਰਧ-ਨਿਪੁੰਨ ਕੈਦੀਆਂ ਨੂੰ 25 ਰੁਪਏ ਅਤੇ ਬਿਲਕੁਲ ਨਵਿਆਂ ਨੂੰ 20 ਰੁਪਏ ਦਿਹਾੜੀ ਮਿਲਦੀ ਹੈ। ਡੇਰਾ ਮੁਖੀ ਨਿਪੁੰਨ ਕੈਦੀਆਂ ਦੀ ਸ਼੍ਰੇਣੀ ਵਿਚ ਤਾਂ ਆਉਂਦਾ ਨਹੀਂ ਇਸ ਲਈ ਬਾਬੇ ਨੂੰ ਰੋਜ਼ਾਨਾ 25 ਜਾਂ 20 ਰੁਪਏ ਦਿਹਾੜੀ ਮਿਲੇਗੀ।