ਕੌਮੀ ਇੰਨਸਾਫ਼ ਮੋਰਚਾ ਮਾਮਲਾ – ਚੰਡੀਗੜ੍ਹ ਬਾਰ ਐਸੋਸੀਏਸ਼ਨ ਅੱਜ ਫਿਰ ਹੜਤਾਲ ‘ਤੇ
ਚੰਡੀਗੜ੍ਹ 23 ਫਰਵਰੀ(ਵਿਸ਼ਵ ਵਾਰਤਾ ਬਿਓਰੋ)-ਅੱਜ ਫਿਰ ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਲੋਕਾਂ ਦੇ ਕੇਸ ਅਤੇ ਅਦਾਲਤੀ ਕਾਰਵਾਈ ਪ੍ਰਭਾਵਿਤ ਹੋਵੇਗੀ। ਬਾਰ ਅੱਜ ਤੋਂ ਫਿਰ ਹੜਤਾਲ ‘ਤੇ ਜਾ ਰਹੀ ਹੈ। ਚੰਡੀਗੜ੍ਹ ਪੁਲੀਸ ਨੇ ਮੁਹਾਲੀ ਕੌਮੀ ਇਨਸਾਫ਼ ਮੋਰਚੇ ਦੇ ਮਾਰਚ ਦੌਰਾਨ 8 ਫਰਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਦੋ ਵਕੀਲਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਜਿਸ ਤੋਂ ਬਾਅਦ ਵਕੀਲਾਂ ਵਿੱਚ ਗੁੱਸਾ ਹੈ। ਘਟਨਾ ਤੋਂ ਬਾਅਦ ਵੀ ਵਕੀਲਾਂ ਨੇ ਕੰਮਕਾਜ ਠੱਪ ਕਰ ਦਿੱਤਾ ਸੀ। ਬਾਰ ਐਸੋਸੀਏਸ਼ਨ ਨੇ ਰੋਸ ਵਜੋਂ ਆਉਂਦੇ ਸੋਮਵਾਰ ਨੂੰ ਸੈਕਟਰ 43 ਕੋਰਟ ਕੰਪਲੈਕਸ ਤੋਂ ਸੈਕਟਰ 9 ਚੰਡੀਗੜ੍ਹ ਪੁਲੀਸ ਹੈੱਡਕੁਆਰਟਰ ਤੱਕ ਕਾਰ ਰੈਲੀ ਕੱਢਣ ਦਾ ਫੈਸਲਾ ਵੀ ਕੀਤਾ ਹੈ।
ਦੱਸ ਦੇਈਏ ਕਿ ਪੁਲਿਸ ਵੱਲੋਂ ਐਫਆਈਆਰ ਵਿੱਚ ਹੋਰਨਾਂ ਸਮੇਤ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਦੇ ਨਾਮ ਸ਼ਾਮਲ ਕੀਤੇ ਗਏ ਸਨ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਹ ਮਾਮਲਾ ਬਹੁਤ ਗੰਭੀਰ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।
ਬਾਰ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਤੋਂ ਵੀ ਸਹਿਯੋਗ ਮੰਗਿਆ ਸੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੁਖੀ ਸ਼ੰਕਰ ਗੁਪਤਾ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਸ ਮਾਮਲੇ ਵਿੱਚ ਅਗਲੀ ਰਣਨੀਤੀ ਤਿਆਰ ਕਰਨਗੇ। ਇਸ ਤੋਂ ਪਹਿਲਾਂ ਬਾਰ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਐਸਐਸਪੀ ਸਮੇਤ ਯੂਟੀ ਦੇ ਗ੍ਰਹਿ ਸਕੱਤਰ ਨੂੰ ਵੀ ਮਿਲੇ ਸਨ।
ਬਾਰ ਦੇ ਅਨੁਸਾਰ, ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਵਕੀਲਾਂ ਦੇ ਨਾਮ ਗਲਤੀ ਨਾਲ ਐਫਆਈਆਰ ਵਿੱਚ ਸ਼ਾਮਲ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਹਾਲਾਂਕਿ ਇਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਪਲਟ ਦਿੱਤਾ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਬਾਰ ਨੂੰ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਦਾ ਭਰੋਸਾ ਦਿੱਤਾ ਹੈ।